‘ਵੰਦੇ ਭਾਰਤ’ ਮਿਸ਼ਨ ਅਧੀਨ ਵਿਦੇਸ਼ ਤੋਂ ਲਗਾਤਾਰ ਭਾਰਤੀਆਂ ਦੀ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਵਤਨ ਵਾਪਸੀ ਕਰਵਾਈ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 800 ਤੋਂ ਵੱਧ ਭਾਰਤੀ ਦੇਸ਼ ਵਾਪਸੀ ਕਰ ਚੁੱਕੇ ਹਨ।
ਮਾਲਦੀਵ ਤੋਂ 698 ਭਾਰਤੀ ਆਈਐੱਨਐੱਸ ਸਮੁੰਦਰੀ ਜਹਾਜ਼ ‘ਜਲ–ਅਸ਼ਵ’ (ਜਲ–ਘੋੜਾ) ਰਾਹੀਂ ਬੱਸ ਕੁਝ ਚਿਰ ਪਿੱਛੋਂ ਭਾਰਤ ਦੇ ਕੰਢੇ ਉੱਤੇ ਲੱਗਣ ਵਾਲੇ ਹਨ।
ਲੰਦਨ ਦੇ ਹੀਥਰੋ ਹਵਾਈ ਅੱਡੇ ਤੋਂ ਸਨਿੱਚਰਵਾਰ ਨੂੰ 329 ਯਾਤਰੀਆਂ ਨੂੰ ਲੈ ਕੇ ਨਿੱਕਲਿਆ ਏਅਰ ਇੰਡੀਆ ਦਾ ਹਵਾਈ ਜਹਾਜ਼ ਸਵੇਰੇ ਲਗਭਗ 4 ਵਜੇ ਮੁੰਬਈ ਪੁੱਜਾ।
ਵਤਨ ਦੀ ਧਰਤੀ ’ਤੇ ਪੁੱਜ ਕੇ ਸਾਰੇ ਯਾਤਰੀਆਂ ਦੇ ਚਿਹਰਿਆਂ ਉੱਤੇ ਸਕੂਨ ਸਪੱਸ਼ਟ ਝਲਕ ਰਿਹਾ ਸੀ। ਕੁਝ ਭਾਵੁਕ ਵੀ ਸਨ। ਖ਼ਬਰ ਏਜੰਸੀ ਪੀਟੀਆਈ ਵੱਲੋਂ ਜਾਰੀ ਇੱਕ ਤਸਵੀਰ ਵਿੱਚ ਲੰਦਨ ਤੋਂ ਲਖਨਊ ਪਰਤਿਆ ਇੱਕ ਭਾਰਤੀ ਇੰਨਾ ਖੁਸ਼ ਹੋਇਆ ਕਿ ਉਸ ਨੇ ਧਰਤੀ ਨੂੰ ਸਿਜਦਾ ਕੀਤਾ। ਭਾਵੁਕ ਹੋਇਆ ਉਹ ਵਿਅਕਤੀ ਰੋ ਰਿਹਾ ਸੀ।
ਇੱਥੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਵਿਦੇਸ਼ਾਂ ਵਿੱਚ ਲੌਕਡਾਊਨ ਦਾ ਸਮਾਂ ਕਿੰਨਾ ਔਖਾ ਬਿਤਾਇਆ ਹੋਵੇਗਾ। ਹਵਾਈ ਅੱਡੇ ਉੱਤੇ ਸ਼ੁਰੂਆਤੀ ਜਾਂਚ ਤੋਂ ਬਾਅਦ ਸਭ ਨੂੰ ਬੱਸਾਂ ’ਚ ਬਿਠਾ ਕੇ ਮੈਡੀਕਲ ਜਾਂਚ ਲਈ ਲਿਜਾਇਆ ਜਾਵੇਗਾ। ਨਿਯਮਾਂ ਮੁਤਾਬਕ ਸਾਰੇ ਯਾਰੀ ਪਹਿਲਾਂ ਕੁਆਰੰਟੀਨ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਲੰਦਨ ਤੋਂ ਭਾਰਤ ਪਰਤਣ ਵਾਲੇ ਯਾਤਰੀਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਸਾਰੇ ਲੋਕ ਲੰਦਨ ਕੁਝ ਦਿਨਾਂ ਲਈ ਗਏ ਸਨ ਪਰ ਲੌਕਡਾਊਨ ਕਾਰਨ ਉੱਥੇ ਹੀ ਫਸ ਗਏ ਸਨ।
ਸ਼ਾਰਜਾਹ ਤੋਂ ਵਿਸ਼ੇਸ਼ ਹਵਾਈ ਜਹਾਜ਼ 182 ਯਾਤਰੀਆਂ ਨੂੰ ਲੈ ਕੇ ਲਖਨਊ ਪਰਤਿਆ। ਹਵਾਈ ਅੱਡੇ ਉੱਤੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ। ਲਖਨਊ ਤੋਂ ਬਾਹਰ ਦੇ ਯਾਤਰੀਆਂ ਨੂੰ ਬੱਸਾਂ ਤੇ ਟੈਕਸੀਆਂ ਰਾਹੀਂ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ। ਜਿਹੜੇ ਲਖਨਊ ਦੇ ਹਨ, ਉਨ੍ਹਾਂ ਨੂੰ ਤਿੰਨ ਹੋਟਲਾਂ ਵਿੱਚ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।