ਅੱਤਵਾਦ ਤੋਂ ਪ੍ਰਭਾਵਿਤ ਜੰਮੂ–ਕਸ਼ਮੀਰ ਦੇ ਨੌਜਵਾਨਾਂ ’ਚ ਦੇਸ਼ ਸੇਵਾ ਦੇ ਜਜ਼ਬੇ ਦੀ ਵੀ ਕੋਈ ਕਮੀ ਨਹੀਂ ਹੈ। ਇੱਥੋਂ ਦੇ ਨੌਜਵਾਨਾਂ ’ਚ ਫ਼ੌਜ ’ਚ ਭਰਤੀ ਹੋਣ ਦੀ ਫ਼ੀ ਸਦ ਤੇਜ਼ੀ ਨਾਲ ਵਧ ਰਹੀ ਹੈ। ਰੱਖਿਆ ਮੰਤਰਾਲੇ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਕਸ਼ਮੀਰੀ ਨੌਜਵਾਨਾਂ ਵਿੱਚ ਫ਼ੌਜ ’ਚ ਭਰਤੀ ਦਾ ਰੁਝਾਨ 88 ਫ਼ੀ ਸਦੀ ਵਧ ਗਿਆ ਹੈ। ਇਹ ਹਿਮਾਚਲ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਹੈ।
ਜੰਮੂ–ਕਸ਼ਮੀਰ ’ਚ ਸਾਲ 2016–17 ਦੌਰਾਨ 1954 ਨੌਜਵਾਨ ਫ਼ੌਜ ’ਚ ਭਰਤੀ ਹੋਏ ਸਨ ਪਰ 2018–19 ਦੇ ਤਾਜ਼ਾ ਅੰਕੜਿਆਂ ਮੁਤਾਬਕ ਇਹ ਗਿਣਤੀ ਵਧ ਕੇ 3,672 ਹੋ ਗਈ ਹੈ। ਸਿਰਫ਼ ਤਿੰਨ ਸਾਲਾਂ ’ਚ ਇਹ ਵਾਧਾ 88 ਫ਼ੀ ਸਦੀ ਦੇ ਲਗਭਗ ਹੈ। ਇਸ ਤੋਂ ਜ਼ਿਆਦਾ ਵਾਧਾ ਜੇ ਕਿਸੇ ਸੂਬੇ ’ਚ ਹੋਇਆ ਹੈ; ਉਹ ਹਿਮਾਚਲ ਪ੍ਰਦੇਸ਼ ਹੈ।
ਹਿਮਾਚਲ ਪ੍ਰਦੇਸ਼ ’ਚ ਇਹ ਗਿਣਤੀ 2,172 ਤੋਂ ਵਧ ਕੇ ਹੁਣ 4,202 ਹੋ ਗਈ ਹੈ, ਜੋ ਲਗਭਗ 93 ਫ਼ੀ ਸਦੀ ਵਾਧਾ ਹੈ। ਕਸ਼ਮੀਰੀ ਨੌਜਵਾਨਾਂ ਨੂੰ ਫ਼ੌਜ ’ਚ ਕਰੀਅਰ ਬਣਾਉਣ ਲਈ ਫ਼ੌਜ ਵੀ ਹੱਲਾਸ਼ੇਰੀ ਦਿੰਦੀ ਹੈ। ਇਸੇ ਲਈ ਫ਼ੌਜ ਵੱਲੋਂ ਉੱਥੇ ਸਮੇਂ–ਸਮੇਂ ’ਤੇ ਵਿਸ਼ੇਸ਼ ਭਰਤੀ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।
ਰੱਖਿਆ ਮੰਤਰਾਲੇ ਦੇ ਅੰਕੜੇ ਚਿੰਤਾ ਪੈਦਾ ਕਰਨ ਵਾਲੇ ਹਨ ਕਿਉਂਕਿ ਜ਼ਿਆਦਾਤਰ ਸੂਬਿਆਂ ’ਚ ਫ਼ੌਜ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ।
ਉਪਰੋਕਤ ਮਿਆਦ ਦੌਰਾਨ ਬਿਹਾਰ ’ਚ ਇਹ ਗਿਣਤੀ 2,932 ਤੋਂ ਘਟ ਕੇ 2,199 ਰਹਿ ਗਈ ਹੈ। ਦਿੱਲੀ ’ਚ 798 ਤੋਂ ਘਟ ਕੇ 167 ਰਹਿ ਗਈ ਹੈ। ਮੱਧ ਪ੍ਰਦੇਸ਼ ’ਚ ਇਹ ਗਿਣਤੀ 2,281 ਤੋਂ ਘਟ ਕੇ 865, ਪੱਛਮੀ ਬੰਗਾਲ ’ਚ 2,116 ਤੋਂ ਘਟ ਕੇ 1,471 ਰਹਿ ਗਈ ਹੈ।
ਇਸੇ ਤਰ੍ਹਾਂ ਤਾਮਿਲ ਨਾਡੂ, ਆਸਾਮ, ਛੱਤੀਸਗੜ੍ਹ, ਗੋਆ, ਕੇਰਲ, ਓੜੀਸ਼ਾ ਅਤੇ ਰਾਜਸਥਾਨ ’ਚ ਵੀ ਫ਼ੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਘਟੀ ਹੈ। ਭਾਰਤੀ ਫ਼ੌਜ ’ਚ ਨੇਪਾਲੀ ਨੌਜਵਾਨਾਂ ਦੀ ਭਰਤੀ ਵੀ ਹੁੰਦੀ ਹੈ। ਉਨ੍ਹਾਂ ਦੀ ਗਿਣਤੀ 1,724 ਤੋਂ ਵਧ ਕੇ 2,502 ਹੋ ਗਈ ਹੈ। ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਤੋਂ ਇਲਾਵਾ ਤੇਲੰਗਾਨਾ, ਕਰਨਾਟਕ ਤੇ ਪੰਜਾਬ ਦੇ ਨੌਜਵਾਨਾਂ ਦੀ ਵੀ ਫ਼ੌਜੀ ਭਰਤੀ ਵਧ ਗਈ ਹੈ।