ਭਿਆਨਕ ਗਰਮੀ ਦੇ ਚੱਲਦਿਆਂ ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਦਿਮਾਗ਼ੀ ਬੁਖ਼ਾਰ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ 95 ਤੱਕ ਪੁੱਜ ਗਈ ਹੈ। ਕੱਲ੍ਹ 12 ਹੋਰ ਬੱਚਿਆਂ ਦੀ ਮੌਤ ਨਾਲ ਇਹ ਗਿਣਤੀ ਵਧੀ। ਇਸ ਬੁਖ਼ਾਰ ਕਾਰਨ ਬੱਚੇ ਦੇ ਦਿਮਾਗ਼ ਵਿੱਚ ਸੋਜ਼ਿਸ਼ (ਇਨਸਿਫ਼ਲਾਈਟਿਸ) ਆ ਜਾਂਦੀ ਹੈ। ਸਥਾਨਕ ਭਾਸ਼ਾ ਵਿੱਚ ਇਸ ਨੂੰ ‘ਚਮਕੀ ਬੁਖ਼ਾਰ’ ਆਖਿਆ ਜਾ ਰਿਹਾ ਹੈ।
ਕੁਝ ਵਿਦੇਸ਼ੀ ਅਖ਼ਬਾਰਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮੁਜ਼ੱਫ਼ਰਪੁਰ ਇਲਾਕੇ ਵਿੱਚ ਲੀਚੀਆਂ ਦੇ ਬਾਗ਼ ਬਹੁਤ ਜ਼ਿਆਦਾ ਹੁੰਦੇ ਹਨ ਤੇ ਦਿਮਾਗ਼ੀ ਬੁਖ਼ਾਰ ਦੇ ਕੀਟਾਣੂ ਲੀਚੀਆਂ ਵਿੱਚ ਸਭ ਤੋਂ ਵੱਧ ਹੁੰਦੇ ਹਨ ਪਰ ਸਰਕਾਰੀ ਤੌਰ ’ਤੇ ਅਜਿਹੀਆਂ ਰਿਪੋਰਟਾਂ ਦੇ ਦਾਅਵਿਆਂ ਦੀ ਕੋਈ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ।
ਹੁਣ ਤੱਕ ਦਿਮਾਗ਼ੀ ਬੁਖ਼ਾਰ ਤੋਂ ਪ੍ਰਭਾਵਿਤ 297 ਬੱਚਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ; ਜਿਨ੍ਹਾਂ ’ਚੋਂ 95 ਦਮ ਤੋੜ ਚੁੱਕੇ ਹਨ। ਕੁਝ ਹੋਰ ਬੱਚਿਆਂ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ।
ਉਂਝ ਸਰਕਾਰੀ ਵਿਭਾਗ ਮੁਤਾਬਕ ਹਾਲੇ 220 ਮਾਮਲੇ ਹੀ ਸਾਹਮਣੇ ਆਏ ਹਨ ਤੇ ਸਰਕਾਰੀ ਅੰਕੜੇ ਮੌਤਾਂ ਦੀ ਗਿਣਤੀ 62 ਦੱਸ ਰਹੇ ਹਨ।
ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਐਤਵਾਰ ਨੂੰ ਮੁਜ਼ੱਫ਼ਰਪੁਰ ਪੁੱਜ ਗਏ ਹਨ। ਉਹ ਅੱਜ ਸਵੇਰੇ 10:30 ਵਜੇ ਮੁਜ਼ੱਫ਼ਰਪੁਰ ਦੇ ਸ੍ਰੀਕ੍ਰਿਸ਼ਨ ਮੈਡੀਕਲ ਕਾਲਜ ਤੇ ਹਸਪਤਾਲ ਗਏ ਤੇ ਉੱਥੇ ਇਲਾਜ ਅਧੀਨ ਪੀੜਤ ਬੱਚਿਆਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।