ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਕਾਰਨ ਯਮੁਨਾ ਨਦੀ ਵਿੱਚ 950 ਕਿਊਸਿਕ ਗੰਗਾ–ਜਲ ਗੰਗਨਹਿਰ ’ਚੋਂ ਛੱਡਿਆ ਗਿਆ ਹੈ। ਇਹ ਗੰਗਾ–ਜਲ ਹੁਣ ਆਗਰਾ ਪੁੱਜ ਚੁੱਕਾ ਹੈ। ਇਸ ਬਾਰੇ ਪੁਸ਼ਟੀ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਨੇ ਕੀਤੀ ਹੈ।
ਇਸ ਤੋਂ ਪਹਿਲਾਂ ਆਗਰਾ ਦੇ ਡੀਐੱਮ, ਕਮਿਸ਼ਨਰ ਦੀ ਚਿੱਠੀ ਦੇ ਆਧਾਰ ’ਤੇ ਸਿੰਜਾਈ ਵਿਭਾਗ ਵੱਲੋਂ 19 ਫ਼ਰਵਰੀ ਨੂੰ ਉੱਚ–ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਮਥੁਰਾ ਦੇ ਸਿੰਜਾਈ ਵਿਭਾਗ ਦੇ ਐਕਸਈਐੱਨ ਵੀ ਮੌਜੂਦ ਸਨ। ਉਸ ਦਿਨ ਤੁਰੰਤ ਪ੍ਰਭਾਵ ਨਾਲ 500 ਕਿਊਸਿਕ ਪਾਣੀ ਗੰਗਨਹਿਰ ਤੋਂ ਹਿੰਡਨ ਦੇ ਮਾਧਿਅਮ ਰਾਹੀਂ ਯਮੁਨਾ ਲਈ ਛੱਡਿਆ ਗਿਆ।
ਉਸ ਤੋਂ ਬਾਅਦ ਮੰਗ ਮੁਤਾਬਕ ਦੋ ਗੇੜਾਂ ’ਚ ਅਤੇ 450 ਕਿਊਸਿਕ ਪਾਣੀ ਗੰਗਨਹਿਰ ’ਚੋਂ ਛੱਡ ਦਿੱਤਾ ਗਿਆ ਸੀ। ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਮੁਤਾਬਕ ਪ੍ਰਸ਼ਾਸਨ ਤੇ ਸਿੰਜਾਈ ਵਿਭਾਗ ਨੂੰ ਚਿੱਠੀ ਭੇਜ ਕੇ ਆਖਿਆ ਸੀ ਕਿ 24 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਗਰਾ ਪੁੱਜ ਰਹੇ ਹਨ। ਫ਼ਿਲਹਾਲ ਯਮੁਨਾ ’ਚ ਪਾਣੀ ਦਾ ਪੱਧਰ ਘੱਟ ਹੈ ਤੇ ਉੱਥੇ ਪਾਣੀ ਵਿੱਚ ਬੋਅ ਮਾਰ ਰਹੀ ਹੈ।
ਇਸ ਲਈ ਗੰਗਨਹਿਰ ਦੇ ਮਾਧਿਅਮ ਰਾਹੀਂ ਤਿੰਨ ਗੇੜਾਂ ਵਿੱਚ 950 ਕਿਊਸਿਕ ਪਾਣੀ ਛੱਡਣ ਦੀ ਬੇਨਤੀ ਕੀਤੀ ਗਈ ਸੀ। ਇਸ ਬੇਨਤੀ ਦੇ ਆਧਾਰ ਉੱਤੇ ਮੇਰਠ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਦੀ ਇਜਾਜ਼ਤ ਨਾਲ ਛੱਡਿਆ ਗਿਆ ਗੰਗਾ–ਜਲ ਹੁਣ ਆਗਰਾ ਪੁੱਜ ਗਿਆ ਹੈ।
ਇੰਜੀਨੀਅਰਾਂ ਮੁਤਾਬਕ ਇਸ ਵੇਲੇ ਖੇਤੀਬਾੜੀ ਦੇ ਕੰਮਾਂ ਲਈ ਪਾਣੀ ਦੀ ਮੰਗ ਬਹੁਤ ਜ਼ਿਆਦਾ ਹੈ। ਇਸੇ ਲਈ ਗੰਗਨਹਿਰ ਉੱਤੇ ਹੁਣ ਨਜ਼ਰ ਰੱਖੀ ਜਾ ਰਹੀ ਹੈ; ਤਾਂ ਜੋ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਕਿਸਾਨਾਂ ਦੀ ਸਿੰਜਾਈ ਦੀ ਮੰਗ ਨੂੰ ਵੇਖਦਿਆਂ ਯਮੁਨਾ ਨਦੀ ’ਚ ਹੁਣ ਹੋਰ ਵੱਧ ਪਾਣੀ ਛੱਡਣਾ ਸੰਭਵ ਨਹੀਂ ਹੈ। ਇਹ ਪਾਣੀ ਸਿੰਜਾਈ ਯੋਗ ਪਾਣੀ ਵਿੱਚ ਕਮੀ ਤੋਂ ਬਾਅਦ ਹੀ ਦਿੱਤਾ ਜਾ ਰਿਹਾ ਹੈ।