ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 6 ਉੱਤੇ ਪਹੁੰਚ ਗਈ। ਸ਼ਨਿੱਚਰਵਾਰ ਨੂੰ ਇਮਾਰਤ ਦੇ ਮਲਬੇ ਵਿੱਚ ਦੱਬੀਆਂ ਦੋ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਝੱਜਰ ਦੇ ਡਿਪਟੀ ਕਮਿਸ਼ਨਰ ਜਿਤੇਂਦਰ ਦਹੀਆ ਨੇ ਦੱਸਿਆ ਕਿ ਫੈਕਟਰੀ ਵਿੱਚ ਤਾਪਮਾਨ ਉੱਚ ਰਹਿਣ ਕਾਰਨ ਇੱਕ ਬਾਇਲਰ ਫਟਿਆ ਸੀ।
ਉਨ੍ਹਾਂ ਕਿਹਾ ਕਿ ਐਮਆਈ ਉਦਯੋਗਿਕ ਖੇਤਰ ਵਿੱਚ ਸ਼ੁੱਕਰਵਾਰ ਨੂੰ ਹੋਏ ਧਮਾਕੇ ਵਿੱਚ ਚਾਰ ਮਜ਼ਦੂਰ ਮਾਰੇ ਗਏ ਸਨ ਅਤੇ 28 ਲੋਕ ਜ਼ਖ਼ਮੀ ਹੋਏ ਸਨ। ਇਸ ਧਮਾਕੇ ਕਾਰਨ ਸੱਤ ਇਮਾਰਤਾਂ ਨੁਕਸਾਨੀਆਂ ਗਈਆਂ।
ਦਹੀਆ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੋਵੇਂ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਣ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਇਮਾਰਤਾਂ ਦੇ ਮਲਬੇ ਨੂੰ ਹਟਾਉਣ ਲਈ ਅਜੇ ਵੀ ਕੰਮ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਪੰਜ ਬੱਚੇ ਅਤੇ 12 ਔਰਤਾਂ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੀ ਐਕਸ ਗਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ। ਬਹਾਦੁਰਗੜ੍ਹ ਕਸਬਾ ਝੱਜਰ ਜ਼ਿਲ੍ਹੇ ਵਿੱਚ ਹੈ।