ਜੰਮੂ–ਕਸ਼ਮੀਰ ਦੇ ਅਰਨੀਆ ਸੈਕਟਰ ’ਚ ਬੀਐੱਸਐੱਫ਼ ਦੇ ਇੱਕ ਜਵਾਨ ਦੇ ਲਾਪਤਾ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਜਵਾਨ ਆਰਐੱਸਪੁਰਾ ਦੇ ਅਰਨੀਆ ਸੈਕਟਰ ’ਚ ਕੌਮਾਂਤਰੀ ਸਰਹੱਦ ’ਤੇ ਗਸ਼ਤ ਲਈ ਗਿਆ ਸੀ ਪਰ ਅਚਾਨਕ ਉਹ ਲਾਪਤਾ ਹੋ ਗਿਆ।
ਉਸ ਲਾਪਤਾ ਜਵਾਨ ਦੀ ਭਾਲ ਲਈ ਖ਼ਾਸ ਆਪਰੇਸ਼ਨ ਵਿੱਢ ਦਿੱਤਾ ਗਿਆ ਹੈ। ਉਸ ਦੇ ਭੇਤ ਭਰੀ ਹਾਲਤ ’ਚ ਲਾਪਤਾ ਹੋਣ ਦੀ ਖ਼ਬਰ ਅਜਿਹੇ ਵੇਲੇ ਆਈ ਹੈ, ਜਦੋਂ ਬੀਤੇ ਦਿਨੀਂ ਫ਼ੌਜ ਨੇ ਦੋ ਵੱਖੋ–ਵੱਖਰੀਆਂ ਵਾਰਦਾਤਾਂ ਦੌਰਾਨ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
ਆਪਣੇ ਇਸ ਆਪਰੇਸ਼ਨ ਆਲ–ਆਊਟ ਦੌਰਾਨ ਭਾਰਤੀ ਸੁਰੱਖਿਆ ਬਲਾਂ ਨੇ ਗਾਂਦਰਬਲ ’ਚ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਬਾਅਦ ’ਚ ਰਾਮਬਨ ਦੇ ਬਟੋਟ ’ਚ 3 ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਸੀ।
ਕੱਲ੍ਹ ਇਸ ਮੁਕਾਬਲੇ ’ਚ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਸੀ ਤੇ ਪੁਲਿਸ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ। ਬਟੋਟ ’ਚ ਮਾਰੇ ਗਏ ਤਿੰਨ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਨਾਂਅ ਦੀ ਜੱਥੇਬੰਦੀ ਨਾਲ ਸਬੰਧਤ ਸਨ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਸਨ।
ਧਾਰਾ–370 ਖ਼ਤਮ ਕੀਤੇ ਜਾਣ ਦੇ ਬਾਅਦ ਤੋਂ ਕਸ਼ਮੀਰ ਵਾਦੀ ਵਿੱਚ ਅੱਤਵਾਦੀਆਂ ਵਿਰੁੱਧ ਇਹ ਸਭ ਤੋਂ ਵੱਡੀ ਕਾਰਵਾਈ ਸੀ।