ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ’ਚ ਆਗਰਾ–ਲਖਨਊ ਐਕਸਪ੍ਰੈੱਸਵੇਅ ’ਤੇ ਇੱਕ ਪ੍ਰਾਈਵੇਟ ਬੱਸ ਖੜ੍ਹੇ ਕੰਟੇਨਰ ’ਚ ਘੁਸ ਗਈ। ਇਸ ਦਰਦਨਾਕ ਹਾਦਸੇ ’ਚ 14 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਹਾਦਸਾ ਵਾਪਰਨ ਵੇਲੇ ਬੱਸ ’ਚ 110 ਯਾਤਰੀ ਸਵਾਰ ਸਨ।
ਇਹ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਬੱਸ ਪੂਰੀ ਤਰ੍ਹਾਂ ਨਸ਼ਟ ਹੋ ਗਈ ਤੇ ਉਸ ਨੂੰ ਕ੍ਰੇਨ ਨਾਲ ਖਿੱਚ ਕੇ ਕੰਟੇਨਰ ਤੋਂ ਵੱਖ ਕੀਤਾ ਗਿਆ। ਐਕਸਪ੍ਰੈੱਸਵੇਅ ’ਤੇ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੀ ਪ੍ਰਾਈਵੇਟ ਬੱਸ ਬੁੱਧਵਾਰ ਰਾਤੀਂ 10:30 ਵਜੇ ਫ਼ਿਰੋਜ਼ਾਬਾਦ ਦੇ ਨਗਲਾ ਖੰਗਰ ਥਾਣਾ ਇਲਾਕੇ ਦੇ ਭਦਾਨ ਲਾਗੇ ਖੜ੍ਹੇ ਕੰਟੇਨਰ ’ਚ ਜਾ ਘੁਸੀ।
ਬੱਸ ਨੰਬਰ ਯੂਪੀ–53 ਐੱਫ਼ਟੀ 4629 ਦਿੱਲੀ ਤੋਂ ਲਖਨਊ ਵੱਲ ਜਾ ਰਹੀ ਸੀ। ਟੱਕਰ ਹੁੰਦਿਆਂ ਹੀ ਉੱਥੇ ਚੀਕ–ਚਿਹਾੜਾ ਮਚ ਗਿਆ। ਆਲੇ–ਦੁਆਲੇ ਦੇ ਲੋਕਾਂ ਨੇ ਤੁਰੰਤ ਹਰ ਸੰਭਵ ਰਾਹਤ ਕਾਰਜ ਅਰੰਭ ਕਰ ਦਿੱਤੇ। ਯੂਪੀਡਾ ਦੀ ਰਾਹਤ ਟੀਮ ਵੀ ਸੂਚਨਾ ਮਿਲਣ ਤੋਂ ਬਾਅਦ ਪੁੱਜੀ। ਨਗਲਾ ਖੰਗਰ ਪੁਲਿਸ ਤੇ ਡਾਇਲ 112 ਪੁਲਿਸ ਵੀ ਮੌਕੇ ’ਤੇ ਪੁੱਜੀ।
ਬੱਸ ’ਚ ਸਵਾਰ ਯਾਤਰੀ ਬਹੁਤ ਬੁਰੀ ਤਰ੍ਹਾਂ ਫਸ ਗਏ ਸਨ। ਹਾਦਸੇ ’ਚ ਮੌਕੇ ’ਤੇ 13 ਵਿਅਕਤੀ ਮਾਰੇ ਗਏ ਸਨ ਤੇ ਇੱਕ ਹੋਰ ਜ਼ਖ਼ਮੀ ਨੇ ਹਸਪਤਾਲ ਜਾ ਕੇ ਦਮ ਤੋੜਿਆ। ਲਗਭਗ ਦੋ ਦਰਜਨ ਜ਼ਖ਼ਮੀਆਂ ਨੂੰ ਲੋਕਾਂ ਨੇ ਬਾਹਰ ਕੱਢਿਆ ਤੇ ਸ਼ਿਕੋਹਾਬਾਦ ਦੇ ਸਰਕਾਰੀ ਹਸਪਤਾਲ ’ਚ ਭਿਜਵਾਇਆ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਐੱਸਐੱਸਪੀ ਸਚਿੰਦਰ ਪਟੇਲ ਵੀ ਪੁੱਜੇ। ਉਹ ਭੀੜ ਨੂੰ ਕਈ ਥਾਣਿਆਂ ਦੀ ਫ਼ੋਰਸ ਨਾਲ ਮੌਕੇ ਤੋਂ ਹਟਵਾ ਕੇ ਬੱਸ ਨੂੰ ਕੰਟੇਨਰ ’ਚੋਂ ਬਾਹਰ ਕੱਢਣ ’ਚ ਜੁਟੇ ਰਹੇ। ਮ੍ਰਿਤਕਾਂ ਦੀ ਸ਼ਨਾਖ਼ਤ ਵੀ ਨਹੀਂ ਹੋ ਸਕ ਰਹੀ ਸੀ।
ਖੇਤਾਂ ’ਚ ਕੰਮ ਕਰਨ ਵਾਲੇ ਭਦਾਨ ਇਲਾਕੇ ਦੇ ਲੋਕਾਂ ਨੂੰ ਕੰਟੇਨਰ ’ਚ ਬੱਸ ਦੇ ਘੁਸਣ ਦੀ ਬਹੁਤ ਤੇਜ਼ ਆਵਾਜ਼ ਸੁਣਾਈ ਦਿੱਤੀ। ਉਸ ਤੋਂ ਬਾਅਦ ਮਚੇ ਚੀਕ–ਚਿਹਾੜੇ ਨੇ ਸਭ ਦਾ ਧਿਆਨ ਖਿੱਚਿਆ ਤੇ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਯਾਤਰੀਆਂ ਨੂੰ ਬਾਹਰ ਕੱਢਿਆ।