ਕੋਰੋਨਾ ਵਾਇਰਸ ਦੀ ਛੂਤ ਰੋਕਣ ਲਈ ਲੌਕਡਾਊਨ ਨੇ ਕਰੋੜਾਂ ਦਿਹਾੜੀਦਾਰਾਂ ਨੂੰ ਸੜਕ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਜਿਹੜੇ ਪਹਿਲਾਂ ਸੜਕ ’ਤੇ ਸਨ, ਉਨ੍ਹਾਂ ਨੂੰ ਉਜਾੜ ਦਿੱਤਾ ਹੈ। ਰੋਜ਼ੀ–ਰੋਟੀ ਲਈ ਆਪੋ–ਆਪਣੇ ਘਰਾਂ ਤੋਂ ਸੈਂਕੜੇ–ਹਜ਼ਾਰਾਂ ਕਿਲੋਮੀਟਰ ਦੂਰ ਰਹਿਣ ਵਾਲੇ ਹਜ਼ਾਰਾਂ ਮਜ਼ਦੂਰ ਜਿਵੇਂ–ਕਿਵੇਂ ਵਾਪਸੀ ਲਈ ਪੈਦਲ, ਸਾਇਕਲਾਂ ਤੇ ਰਿਕਸ਼ਿਆਂ ਉੱਤੇ ਰਵਾਨਾ ਹੋ ਚੁੱਕੇ ਹਨ।
ਜੀ ਹਾਂ, ਇਹ ਸੱਚ ਹੈ ਕੁਝ ਵਿਅਕਤੀਆਂ ਦੇ ਪੈਦਲ ਹੀ ਰਾਜਸਥਾਨ ਤੋਂ ਗੁਜਰਾਤ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਦਰਅਸਲ, ਲੌਕਡਾਊਨ ਕਾਰਨ ਬੱਸਾਂ ਤੇ ਰੇਲ–ਗੱਡੀਆਂ ਸਭ ਬੰਦ ਹਨ। ਦਿਹਾੜੀਦਾਰ ਮਜ਼ਦੂਰਾਂ ਦੀ ਦਿਹਾੜੀ ਕੋਈ ਕਿਤੇ ਲੱਗ ਨਹੀਂ ਰਹੀ। ਰੋਜ਼ੀ–ਰੋਟੀ ਲਈ ਆਪਣੇ ਅਸਲ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਦਿੱਲੀ ਤੇ ਹੋਰ ਮਹਾਂਨਗਰਾਂ ’ਚ ਆ ਕੇ ਵਸੇ ਪਰਿਵਾਰ ਹੁਣ ਆਪਣੇ ਘਰਾਂ ਨੂੰ ਪਰਤ ਰਹੇ ਹਨ।
ਉਨ੍ਹਾਂ ਨੂੰ ਲੱਗਦਾ ਹੈ ਕਿ ਲੌਕਡਾਊਨ ਦੇ 21 ਦਿਨ ਉਨ੍ਹਾਂ ਲਈ ਬੇਦਰਦ ਮਹਾਂਨਗਰਾਂ ’ਚ ਕੱਟਣੇ ਔਖੇ ਹੋਣਗੇ। ਇਸੇ ਲਈ ਉਹ ਹੁਣ ਆਪਣਿਆਂ ਕੋਲ ਵਾਪਸ ਜਾ ਰਹੇ ਹਨ।
ਟੀਵੀ ਚੈਨਲ ‘ਆਜ ਤੱਕ’ ਨੇ ਪੰਜ ਮੈਂਬਰਾਂ ਦੇ ਇੱਕ ਅਜਿਹੇ ਪਰਿਵਾਰ ਦੀ ਖ਼ਬਰ ਪ੍ਰਸਾਰਿਤ ਕੀਤੀ ਹੈ, ਜਿਹੜਾ ਹੁਣ ਇੱਕ ਰਿਕਸ਼ਾ ਉੱਤੇ ਦਿੱਲੀ ਤੋਂ ਬਿਹਾਰ ਜਾ ਰਿਹਾ ਹੈ। ਇਸ ਪਰਿਵਾਰ ਨੇ ਦਿੱਲੀ ਤੋਂ ਮੋਤੀਹਾਰੀ ਪੁੱਜਣਾ ਹੈ, ਜੋ 1,026 ਕਿਲੋਮੀਟਰ ਹੈ।
ਸ੍ਰੀ ਹਰਿੰਦਰ ਮਹਿਤੋ ਹੁਣ ਆਪਣਾ ਪੂਰਾ ਪਰਿਵਾਰ ਲੈ ਕੇ ਤਿੰਨ ਰਿਕਸ਼ਿਆਂ ਉੱਤੇ ਦਿੱਲੀ ਤੋਂ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਲਈ ਰਵਾਨਾ ਹੋ ਚੁੱਕੇ ਹਨ। ਇਨ੍ਹਾਂ ਰਿਕਸ਼ਿਆਂ ਉੱਤੇ ਹੀ ਹੈ ਉਨ੍ਹਾਂ ਦੇ ਸਾਰੇ ਘਰ ਦਾ ਸਾਮਾਨ, ਖਾਣ–ਪੀਣ ਦਾ ਸਾਮਾਨ, ਪਹਿਨਣ ਤੇ ਓਢਣ ਦੇ ਕੱਪੜੇ।
ਇਸ ਪਰਿਵਾਰ ਦਾ ਘਰ ਹੁਣ ਇਹ ਤਿੰਨ ਰਿਕਸ਼ੇ ਹੀ ਬਣ ਗਏ ਹਨ। ਉਨ੍ਹਾਂ ਦੇ ਇਸ ਘਰ ਦਾ ਨਾ ਕੋਈ ਦਰਵਾਜ਼ਾ ਹੈ ਤੇ ਨਾ ਹੀ ਕੋਈ ਛੱਤ। ਪਰ ਉਹ ਆਪਣੀ ਮੰਜ਼ਿਲ ਵੱਲ ਵਧਦੇ ਜਾ ਰਹੇ ਹਨ।
ਇਸ ਪਰਿਵਾਰ ਨੂੰ ਹੁਣ ਕਿਸੇ ਕੋਰੋਨਾ ਵਾਇਰਸ ਦੀ ਪਰਵਾਹ ਨਹੀਂ ਹੈ। ਜਦੋਂ ਘਰ ਅੰਦਰ ਰੋਟੀ ਨਹੀਂ ਮਿਲਣੀ, ਤਦ ਲੌਕਡਾਊਨ ’ਚ ਰਹਿ ਕੇ ਕੀ ਫ਼ਾਇਦਾ? ਕਿਉ ਨਾ ਰਿਕਸ਼ਿਆਂ ਉੱਤੇ ਆਪਣੇ ਜੱਦੀ–ਪੁਸ਼ਤੀ ਘਰਾਂ ਨੂੰ ਚੱਲੀਏ –– ਉੱਥੇ ਘੱਟੋ–ਘੱਟ ਰੋਟੀ ਤਾਂ ਮਿਲ ਜਾਵੇਗੀ। ਇਹੋ ਸੋਚ ਕੇ ਇਹ ਪਰਿਵਾਰ ਦਿੱਲੀ ਤੋਂ ਬਿਹਾਰ ਲਈ ਰਵਾਨਾ ਹੋ ਗਿਆ ਹੈ।
ਜਿਸ ਰਫ਼ਤਾਰ ਨਾਲ ਇਹ ਪਰਿਵਾਰ ਅੱਗੇ ਵਧ ਰਿਹਾ ਹੈ; ਉਸ ਤੋਂ ਜਾਪਦਾ ਹੈ ਕਿ ਇਹ ਸੱਤ ਦਿਨ ਤੇ ਛੇ ਰਾਤਾਂ ’ਚ ਆਪਣੀ ਮੰਜ਼ਿਲ ਉੱਤੇ ਪੁੱਜ ਜਾਵੇਗਾ – ਜੇ ਉਨ੍ਹਾਂ ਨੂੰ ਕਿਸੇ ਸੁਰੱਖਿਆ ਬਲ ਨੇ ਨਾ ਰੋਕਿਆ, ਤਾਂ….।