ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ 69 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 17 ਸਤੰਬਰ, 1950 ਨੂੰ ਵੜਨਗਰ (ਗੁਜਰਾਤ) ’ਚ ਹੋਇਆ ਸੀ। ਇਸ ਮੌਕੇ ਜਿੱਥੇ ਸ੍ਰੀ ਮੋਦੀ ਨੂੰ ਦੁਨੀਆ ਭਰ ਦੀਆਂ ਵੱਡੀਆਂ ਹਸਤੀਆਂ ਤੋਂ ਵਧਾਈ ਸੰਦੇਸ਼ ਪੁੱਜ ਰਹੇ ਹਨ, ਉੱਥੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਤੇ ਅਨੇਕ ਹੋਰ ਲੱਖਾਂ ਭਾਜਪਾ ਕਾਰਕੁੰਨਾਂ ਤੇ ਨੇਤਾਵਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਮੁਬਾਰਕਾਂ ਭੇਜੀਆਂ ਹਨ ਅਤੇ ਇਹ ਸਿਲਸਿਲਾ ਅੱਜ ਸਾਰਾ ਦਿਨ ਜਾਰੀ ਰਹੇਗਾ।
ਪਰ ਇਸ ਸਭ ਦੌਰਾਨ ਵਾਰਾਨਸੀ (ਜਿੱਥੋਂ ਸ੍ਰੀ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਹੈ) ਦੇ ਇੱਕ ਪ੍ਰਸ਼ੰਸਕ ਸ੍ਰੀ ਅਰਵਿੰਦ ਸਿੰਘ ਨੇ ਸ੍ਰੀ ਮੋਦੀ ਦੇ 69ਵੇਂ ਜਨਮ ਦਿਨ ਮੌਕੇ ਸੰਕਟ ਮੋਚਨ ਮੰਦਰ ਵਿਖੇ ਭਗਵਾਨ ਹਨੂਮਾਨ ਜੀ ਨੂੰ 50 ਲੱਖ ਰੁਪਏ ਕੀਮਤ ਦਾ ਸੋਨੇ ਦਾ ਇੱਕ ਮੁਕਟ (ਤਾਜ) ਭੇਟ ਕੀਤਾ ਹੈ।
ਸ੍ਰੀ ਅਰਵਿੰਦ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਪਹਿਲਾਂ ਉਨ੍ਹਾਂ ਸੰਕਲਪ ਲਿਆ ਸੀ ਕਿ ਜੇ ਸ੍ਰੀ ਨਰਿੰਦਰ ਮੋਦੀ ਦੂਜੀ ਵਾਰ ਸਰਕਾਰ ਬਣਾਉਂਦੇ ਹਨ, ਤਾਂ ਉਹ ਭਗਵਾਨ ਹਨੂਮਾਨ ਜੀ ਨੂੰ 1.25 ਕਿਲੋਗ੍ਰਾਮ ਵਜ਼ਨ ਦਾ ਸੋਨੇ ਦਾ ਮੁਕਟ ਚੜ੍ਹਾਉਣਗੇ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸ੍ਰੀ ਅਰਵਿੰਦ ਸਿੰਘ ਦੇ ਇਸ ਅਨੋਖੇ ਤੇ ਮਹਿੰਗੇ ਤੋਹਫ਼ੇ ਦੀ ਦੇਸ਼ ਭਰ ਵਿੱਚ ਡਾਢੀ ਚਰਚਾ ਹੈ।
ਸ੍ਰੀ ਅਰਵਿੰਦ ਸਿੰਘ ਨੇ ਇਹ ਮੁਕਟ ਕੱਲ੍ਹ ਜਨਮ ਦਿਨ ਦੀ ਪੂਰਵ–ਸੰਧਿਆ ਮੌਕੇ ਵਾਰਾਨਸੀ ਦੇ ਮੰਦਰ ’ਚ ਚੜ੍ਹਾਇਆ ਸੀ।