ਉੱਤਰ ਪ੍ਰਦੇਸ਼ ਪੁਲਿਸ ਭਰਤੀ ਬੋਰਡ ਵੱਲੋਂ ਲਈ ਗਈ ਸਿਪਾਹੀਆਂ ਦੀ ਭਰਤੀ ਪ੍ਰੀਖਿਆ ਦਾ ਅੰਤਿਮ ਨਤੀਜਾ ਜਾਰੀ ਹੋਣ ਤੋਂ ਬਾਅਦ ਗ਼ਾਜ਼ੀਪੁਰ ’ਚ ਖ਼ੁਸ਼ੀ ਦੀ ਲਹਿਰ ਹੈ। ਮਰਦਹ ਬਲਾੱਕ ਦੇ ਅਰਖਪੁਰ ਪਿੰਡ ਦੇ ਵੀਰੇਂਦਰ ਕੁਮਾਰ ਦੇ ਇਕਲੌਤੇ ਪੁੱਤਰ ਗੁਲਸ਼ਨ ਕੁਮਾਰ ਨੇ ਪੂਰੇ ਸੂਬੇ ’ਚੋਂ ਟਾੱਪ ਕਰ ਕੇ ਪਰਿਵਾਰ ਦੇ ਨਾਲ–ਨਾਲ ਸਮੁੱਚੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਹੋਣਹਾਰ ਗੁਲਸ਼ਨ ਕੁਮਾਰ ਦੀ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਮੁਕੰਮਲ ਹੋਈ ਸੀ। ਫਿਰ 6ਵੀਂ ਜਮਾਤ ਤੋਂ ਇੰਟਰ ਤੱਕ ਉਸ ਨੇ ਪਿੰਡ ਲਾਗਲੇ ਪ੍ਰਾਈਵੇਟ ਇੰਟਰ ਕਾਲਜ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਗ੍ਰੈਜੂਏਸ਼ਨ ਦੀ ਪੜ੍ਹਾਈ ਉਸ ਨੇ ਨਸਰਤਪੁਰ ਸਥਿਤ ਮਹੰਤ ਮਣੀਰਾਜ ਦਾਸ ਕਾਲਜ ’ਚ ਕੀਤੀ।
ਗ੍ਰੈਜੂਏਸ਼ਨ ਮੁਕੰਮਲ ਕਰਨ ਤੋਂ ਬਾਅਦ ਗੁਲਸ਼ਨ ਵਾਰਾਨਸੀ ’ਚ ਕਿਰਾਏ ਦੇ ਕਮਰੇ ’ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲੱਗਾ।
ਗੁਲਸ਼ਨ ਦੇ ਪਿਤਾ ਵੀਰੇਂਦਰ ਕੁਮਾਰ 5ਵੀਂ ਪਾਸ ਹਨ ਤੇ ਪਿੰਡ ’ਚ ਹੀ ਕਿਸਾਨਾਂ ਨਾਲ ਮਜ਼ਦੂਰੀ ਕਰ ਕੇ ਪਰਿਵਾਰ ਚਲਾਉਂਦੇ ਰਹੇ ਹਨ। ਗੁਲਸ਼ਨ ਦੀ ਮਾਂ ਮਾਤੇਸ਼ਵਰੀ ਦੇਵੀ ਘਰੇਲੂ ਸੁਆਣੀ ਹਨ। ਗੁਲਸ਼ਨ ਦੀ ਛੋਟੀ ਭੈਣ ਜਿਓਤੀ 8ਵੀਂ ਜਮਾਤ ’ਚ ਪੜ੍ਹਦੀ ਹੈ।
ਗੁਲਸ਼ਨ ਦੀ ਕਾਮਯਾਬੀ ਉੱਤੇ ਉਸ ਦੇ ਪਿਤਾ ਵੀਰੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸ਼ੁਰੂ ਤੋਂ ਹੀ ਹੋਣਹਾਰ ਹੈ। ਉਸ ਦੀ ਪ੍ਰਤਿਭਾ ਦੇ ਦਮ ਉੱਤੇ ਪਰਿਵਾਰ ਨੂੰ ਇਹ ਮਾਣ ਹਾਸਲ ਹੋਇਆ ਹੈ।
ਗੁਲਸ਼ਨ ਦੇ ਅੱਵਲ ਆਉਣ ’ਤੇ ਪਿੰਡ ’ਚ ਮਿਠਾਈਆਂ ਵੰਡੀਆਂ ਗਈਆਂ ਤੇ ਉਸ ਦੇ ਘਰ ’ਚ ਪਰਿਵਾਰ ਨੂੰ ਵਧਾਈਆਂ ਦੇਣ ਵਾਲੀਆਂ ਦੀਆਂ ਕਤਾਰਾਂ ਲੱਗੀਆਂ ਰਹੀਆਂ।