ਡੇਢ ਸਾਲ ਦੇ ਇੱਕ ਬੱਚੇ ਦੀ ਪਾਣੀ ਦੇ ਭੁਲੇਖੇ ਡੀਜ਼ਲ ਪੀਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਮਹਾਰਾਸ਼ਟਰ ਸੂਬੇ ’ਚ ਵਿੱਠਲਵਾੜੀ ਲਾਗੇ ਦੇਹੂ ਗਾਓਂ ਦੀ ਹੈ। ਪੁਲਿਸ ਮੁਤਾਬਕ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰ ਨਾਲ ਸਬੰਧਤ ਬੱਚਾ ਵੇਦਾਂਤ ਗੌਤਮ ਗਾਇਕਵਾੜ ਘਰ ’ਚ ਹੀ ਖੇਡ ਰਿਹਾ ਸੀ।
ਉਸ ਦੀ ਮਾਂ ਨੇ ਰਸੋਈ ਦੇ ਸਟੋਵ ਵਾਸਤੇ ਕੱਚ ਦੀ ਬੋਤਲ ਵਿੱਚ ਡੀਜ਼ਲ ਭਰ ਕੇ ਰੱਖਿਆ ਹੋਇਆ ਸੀ। ਵੇਦਾਂਤ ਉਸ ਨੂੰ ਪਾਣੀ ਸਮਝ ਕੇ ਪੀ ਗਿਆ। ਪੁਲਿਸ ਮੁਤਾਬਕ ਮਾਂ ਨੇ ਸਟੋਵ ਵਿੱਚ ਡੀਜ਼ਲ ਭਰਨ ਤੋਂ ਬਾਅਦ ਬੋਤਲ ਫ਼ਰਸ਼ ’ਤੇ ਰੱਖ ਦਿੱਤੀ ਸੀ।
ਵੇਦਾਂਤ ਖੇਡਦਾ–ਖੇਡਦਾ ਬੋਤਲ ਕੋਲ ਗਿਆ ਤੇ ਉਸ ਨੇ ਉਸ ਵਿੱਚ ਪਿਆ ਡੀਜ਼ਲ ਪਿਆ। ਕੁਝ ਹੀ ਮਿੰਟਾਂ ਪਿੱਛੋਂ ਉਸ ਦੀਆਂ ਅੱਖਾਂ ਚਿੱਟੀਆਂ ਹੋ ਗਈਆਂ। ਉਸ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਤੁਰੰਤ ਲਾਗਲੇ ਹਸਪਤਾਲ ਲਿਜਾਂਦਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਹੁਣ ਕਿਤੇ ਵੀ ਮਿੱਟੀ ਦਾ ਤੇਲ ਨਹੀਂ ਮਿਲਦਾ, ਇਸੇ ਲਈ ਗ਼ਰੀਬਾਂ ਨੂੰ ਹੁਣ ਖਾਣਾ ਬਣਾਉਣ ਲਈ ਡੀਜ਼ਲ ਬਾਲਣਾ ਪੈਂਦਾ ਹੈ।