ਅੱਜ-ਕੱਲ੍ਹ ਇੰਟਰਨੈੱਟ `ਤੇ ਬਾਬਿਆਂ, ਤਾਂਤ੍ਰਿਕਾਂ, ਧਾਰਮਿਕ ਆਧਾਰ `ਤੇ ਪ੍ਰਾਰਥਨਾਵਾਂ ਕਰ ਕੇ ਸਭ ਕੁਝ ਠੀਕ ਕਰਨ ਦਾ ਦਾਅਵਾ ਕਰਨ ਵਾਲਿਆਂ ਅਤੇ ਹਰ ਸਮੱਸਿਆ ਦਾ ਹੱਲ ਕਰਨ ਵਾਲੇ ਅਨਸਰਾਂ ਦੀ ਭਰਮਾਰ ਹੋ ਗਈ ਹੈ। ਅਜਿਹੇ ਕਈ ਅਨਸਰ ਤਾਂ ਹਰ ਸਮੇਂ ਆਨਲਾਈਨ ਹੀ ਬੈਠੇ ਰਹਿੰਦੇ ਹਨ ਤੇ ਉਨ੍ਹਾਂ `ਚੋਂ ਬਹੁਤਿਆਂ ਨੇ ਆਪਣੇ ਯੂ-ਟਿਊਬ ਚੈਨਲ ਚਲਾਏ ਹੋਏ ਹਨ। ਉਨ੍ਹਾਂ ਦੀਆਂ ਵੈੱਬਸਾਈਟਾਂ ਵੱਖਰੀਆਂ ਚੱਲਦੀਆਂ ਹਨ।
ਖਪਤਕਾਰ ਉਤਪਾਦਾਂ ਦੀ ਇੱਕ ਕੰਪਨੀ ਵਿੱਚ ਮਾਰਕਿਟਿੰਗ ਪ੍ਰੋਫ਼ੈਸ਼ਨਲ ਵਜੋਂ ਕੰਮ ਕਰ ਰਹੇ 32 ਸਾਲਾ ਵਿਅਕਤੀ ਨੇ ਦੱਸਿਆ ਕਿ ਉਸ ਦੀ ਗਰਲ-ਫ਼੍ਰੈਂਡ ਨੇ ਅਚਾਨਕ ਉਸ ਨਾਲ ਗੱਲ ਕਰਨੀ ਛੱਡ ਦਿੱਤੀ ਸੀ ਤੇ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਹੁਣ ਕੀ ਕੀਤਾ ਜਾਵੇ। ਇਸੇ ਲਈ ਉਸ ਨੇ ਦੁਖੀ ਹਿਰਦੇ ਨਾਲ ਇੱਕ ਬਾਬੇ ਤੋਂ ਸਲਾਹ ਲੈਣ ਦਾ ਮਨ ਬਣਾਇਆ।
ਗਰਲ-ਫ਼ੈ਼ਡ ਦੇ ਰੱਵਈਏ ਤੋਂ ਪਰੇਸ਼ਾਨ ਨੌਜਵਾਨ ਨੇ ਜਦੋਂ ਜਾ ਕੇ ਉਸ ਬਾਬੇ ਨੂੰ ਦੱਸਿਆ ਕਿ ਉਹ ‘‘ਕਿਵੇਂ ਬਰਬਾਦ ਹੋ ਗਿਆ ਹੈ``, ਤਾਂ ਉਸ ਬਾਬੇ ਨੇ ਉਸ ਨੂੰ ਤਸੱਲੀ ਦਿੰਦਿਆਂ ਕਿਹਾ ਕਿ ਉਹ ਬਿਲਕੁਲ ਠੀਕ ਥਾਂ `ਤੇ ਆ ਗਿਆ ਹੈ। ਉਸ ਨੇ ਕਿਹਾ ਕਿ ਉਹ ਆਪਣੀਆਂ ਤੇ ਉਸ ਕੁੜੀ ਦੀਆਂ ਤਸਵੀਰਾਂ ਉਸ ਨੂੰ ਵ੍ਹਟਸਐਪ ਰਾਹੀਂ ਭੇਜ ਦੇਵੇ।
ਜਦੋਂ ਉਸ ਨੇ ਪੁੱਛਿਆ ਕਿ ਕੀ ਉਹ ਸਿਰਫ਼ ਉਸ ਇਕੱਲੀ ਕੁੜੀ ਦੀਆਂ ਤਸਵੀਰਾਂ ਭੇਜ ਦੇਵੇ, ਤਾਂ ਬਾਬੇ ਨੇ ਕਿਹਾ ਕਿ ਉਸ ਨੂੰ ਆਪਣੀ ਖ਼ੁਦ ਦੀ ਤੇ ਉਸ ਕੁੜੀ ਦੋਵਾਂ ਦੀਆਂ ਤਸਵੀਰਾਂ ਭੇਜਣੀਆਂ ਹੋਣਗੀਆਂ, ਉਸ ਦੇ ਮੰਤਰ ਤਾਂਹੀਓਂ ਕੰਮ ਕਰਨਗੇ। ਉਹ ਮੰਤਰ ਮਾਰ ਕੇ ਉਸ ਕੁੜੀ ਨੂੰ ਉਸ ਨਾਲ ਗੱਲ ਕਰਨ ਲਈ ਪ੍ਰੇਰਿਤ ਕਰੇਗਾ ਤੇ ਜੇ ਉਸ (ਲੜਕੇ) ਦੀ ਤਸਵੀਰ ਨਹੀਂ ਹੋਵੇਗੀ, ਤਾਂ ਉਹ ਕੁੜੀ ਫਿਰ ਕਿਸੇ ਹੋਰ ਵੱਲ ਖਿੱਚੀ ਜਾ ਸਕਦੀ ਹੈ। ਉਸ ਬਾਬੇ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਬੰਗਾਲ ਤੋਂ ਕਾਲ਼ਾ ਜਾਦੂ ਸਿੱਖਿਆ ਹੈ।
ਫਿਰ ਬਾਬੇ ਨੇ ਗੱਲੀਂ-ਬਾਤੀਂ ਉਸ ਲੜਕੇ ਤੋਂ 12 ਹਜ਼ਾਰ ਰੁਪਏ ਪੇਅਟੀਐੱਮ ਰਾਹੀਂ ਭੇਜਣ ਲਈ ਆਖਿਆ। ਇੰਝ ਇਹ ਬਾਬੇ ਤੇ ਤਾਂਤ੍ਰਿਕ ਆਪਣੇ ਧੰਦੇ ਚਲਾਉਂਦੇ ਹਨ।
ਬੀਤੇ ਦਿਨੀਂ ਨਵੀਂ ਦਿੱਲੀ ਦੇ ਬੁਰਾੜੀ ਇਲਾਕੇ `ਚ ਇੱਕੋ ਪਰਿਵਾਰ ਦੇ 11 ਮੈਂਬਰਾਂ ਵੱਲੋਂ ਕਥਿਤ ਤੌਰ `ਤੇ ਖ਼ੁਦਕੁਸ਼ੀ ਕਰਨ ਦੀ ਵਾਰਦਾਤ ਵਾਪਰੀ ਸੀ, ਉਸ ਪਿੱਛੇ ਕਿਸੇ ਤਾਂਤ੍ਰਿਕ ਜਾਂ ਬਾਬੇ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ। ਦਿੱਲੀ `ਚ ਅਜਿਹੇ ਬਾਬਿਆਂ ਦੀ ਪੂਰੀ ਭਰਮਾਰ ਹੈ। ਇਹ ਬਾਬੇ ਖ਼ੁਦ ਨੂੰ - ਬਾਬਾ ਜੀ, ਵਸ਼ੀਕਰਣ ਗੁਰੂ ਜੀ, ਬੰਗਾਲੀ ਬਾਬਾ - ਜਿਹੇ ਨਾਂਵਾਂ ਨਾਲ ਪ੍ਰਸਿੱਧ ਕਰਦੇ ਹਨ।
ਅਜਿਹੇ ਬਹੁਤ ਸਾਰੇ ਬਾਬੇ ਯੂ-ਟਿਊਬ `ਤੇ ਆਪਣੇ ਚੈਨਲ ਖੋਲ੍ਹੀ ਬੈਠੇ ਹਨ ਤੇ ਧਨ ਕਮਾ ਰਹੇ ਹਨ। ਉਨ੍ਹਾਂ ਨੇ ਆਪਣੇ ਚੈਨਲਾਂ ਦੇ ਨਾਂਅ ਵੀ ਬਹੁਤ ਅਜੀਬ ਜਿਹੇ ਇਸ ਤਰੀਕੇ ਨਾਲ ਰੱਖੇ ਹੋਏ ਹਨ ਕਿ ਲੋਕ ਆਸਾਨੀ ਨਾਲ ਖਿੱਚੇ ਚਲੇ ਆਉਣ - ਜਿਵੇਂ: ਚਮਤਕਾਰੀ ਟੋਟਕੇ - ਇਸ ਦੇ 16 ਲੱਖ ਸਬਸਕ੍ਰਾਈਬਰ ਹਨ। ਇੰਝ ਹੀ ਦੇਸੀ ਟੋਟਕੇ ਨਾਂਅ ਦੇ ਚੈਨਲ ਦੇ 6.65 ਲੱਖ, ਤਿਲਿੱਸਮੀ ਦੁਨੀਆ ਦੇ 2.60 ਲੱਖ, ਕਾਲ ਚੱਕਰ ਦੇ 2.71 ਲੱਖ ਸਬਸਕ੍ਰਾਈਬਰ ਹਨ। ਉਹ ਨਿੱਤ ਨਵੀਂਆਂ ਪੋਸਟਾਂ ਉੱਥੇ ਅਪਲੋਡ ਕਰਦੇ ਰਹਿੰਦੇ ਹਨ। ਉਹ ਨਵੇਂ ਮੰਤਰਾਂ ਤੇ ਤਾਂਤ੍ਰਿਕ ਟੋਟਕਿਆਂ `ਤੇ ਹੀ ਆਧਾਰਤ ਹੁੰਦੀਆਂ ਹਨ।
ਉੱਧਰ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸਨਲ ਐਡਾਮਾਰੁਕੂ ਨੇ ਕਿਹਾ ਕਿ ਦਿੱਲੀ `ਚ ਅਜਿਹੇ ਅਖੌਤੀ ਤਾਂਤ੍ਰਿਕਾਂ ਦੀ ਬਹੁਤਾਤ ਹੈ, ਜੋ ਚਮਤਕਾਰੀ ਬਾਬੇ ਅਖਵਾਉਂਦੇ ਹਨ। ਉਨ੍ਹਾਂ `ਚੋਂ ਕਈ ਆਪਣੇ ਆਪ ਨੂੰ ਸੋਨ-ਤਮਗ਼ਾ ਜੇਤੂ ਵੀ ਅਖਵਾਉਂਦੇ ਹਨ; ਜਿਵੇਂ ਬਾਬਾ ਖ਼ਾਨ ਬੰਗਾਲੀ ਖ਼ੁਦ ਨੂੰ 25 ਸੋਨ ਤਮਗ਼ੇ ਜੇਤੂ ਅਖਵਾਉਂਦਾ ਹੈ।
‘ਹਿੰਦੁਸਤਾਨ ਟਾਈਮਜ਼` ਨੇ ਜਦੋਂ ਉਸ ਬਾਬੇ ਤੋਂ ਉਸ ਦਾ ਅਸਲੀ ਨਾਂਅ ਅਤੇ ਉਸ ਦੇ ਗੋਲਡ ਮੈਡਲਾਂ ਭਾਵ ਸੋਨ ਤਮਗਿ਼ਆਂ ਬਾਰੇ ਪੁੱਛਿਆ, ਤਾਂ ਉਸ ਨੇ ਅੱਗਿਓਂ ਕੋਈ ਵੀ ਠੋਸ ਜਵਾਬ ਨਾ ਦਿੱਤਾ।
ਅਜਿਹੇ ਹੋਰ ਵੀ ਬਹੁਤ ਸਾਰੇ ਬਾਬਿਆਂ ਤੇ ਤਾਂਤ੍ਰਿਕਾਂ ਤੋਂ ਵੀ ਪੁੱਛਗਿੱਤ ਕੀਤੀ ਗਈ ਪਰ ਕੋਈ ਵੀ ਠੋਸ ਜਵਾਬ ਨਾ ਦੇ ਸਕਿਆ, ਸਗੋਂ ਜਦੋਂ ਵੀ ਕਦੇ ਉਨ੍ਹਾਂ ਤੋਂ ਕੋਈ ਅਜਿਹਾ ਸੁਆਲ ਪੁੱਛਿਆ ਜਾਂਦਾ, ਜਿਸ ਤੋਂ ਉਨ੍ਹਾਂ ਦਾ ਭੇਤ ਖੁੱਲ੍ਹ ਸਕਦਾ ਸੀ, ਉਹ ਅੱਗਿਓਂ ਨਾਰਾਜ਼ਗੀ ਪ੍ਰਗਟਾਉਂਦੇ ਰਹੇ।
ਤਰਕਸ਼ੀਲ ਆਗੂ ਸਨਲ ਨੇ ਕਿਹਾ ਕਿ ਸਾਡੇ ਦੇਸ਼ ਦੀ ਵਿਦਿਅਕ ਪ੍ਰਣਾਲੀ ਵਿੱਚ ਵਿਗਿਆਨ ਨੂੰ ਪੜ੍ਹਾਇਆ ਤਾਂ ਜਾਂਦਾ ਹੈ ਪਰ ਵਿਗਿਆਨਕ ਵਿਵਹਾਰ ਨਹੀਂ ਸਮਝਾਇਆ ਜਾਂਦਾ। ਭਾਰਤੀਆਂ ਦੀ ਜਿ਼ਆਦਾਤਰ ਟੇਕ ਧਰਮ ਆਧਾਰਤ ਹੀ ਬਣੀ ਰਹਿੰਦੀ ਹੈ। ਇਸੇ ਲਈ ਇੱਥੇ ਲੋਕ ਜਿ਼ਆਦਾਤਰ ਅਜਿਹੇ ਬਾਬਿਆਂ ਦੇ ਪਿੱਛੇ ਲੱਗ ਤੁਰਦੇ ਹਨ। ਉਨ੍ਹਾਂ ਕਿਹਾ ਕਿ ਬੁਰਾੜੀ ਕਾਂਡ ਤੋਂ ਬਾਅਦ ਹੁਣ ਸਰਕਾਰ ਨੂੰ ਜਾਗ ਜਾਣਾ ਚਾਹੀਦਾ ਹੈ ਅਤੇ ਅਜਿਹੇ ਬਾਬਿਆਂ ਖਿ਼ਲਾਫ਼ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।