ਪਿਛਲੇ 12 ਸਾਲਾਂ ਦੌਰਾਨ ਸੈਂਕੜੇ ਨੇਤਰਹੀਣ ਲੋਕਾਂ ਦੀਆਂ ਅੱਖਾਂ ਦੀ ਜੋਤ ਵਾਪਸ ਲਿਆਉਣ ਵਾਲਾ ਮੋਗਾ ਦਾ ਜੰਮਪਲ਼ ਅਸ਼ੋਕ ਜੈਨ ਇਸ ਵੇਲੇ ਖ਼ੁਦ ਸਹਾਰਨਪੁਰ ਦੇ ਇੱਕ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਕਿਸੇ ਪਾਸਿਓਂ ਕੋਈ ਮਾਲੀ ਇਮਦਾਦ ਵੀ ਨਹੀਂ ਮਿਲ ਰਹੀ।
ਅਸ਼ੋਕ ਜੈਨ ਨੂੰ ਆਪਣੇ ਹਲਕਿਆਂ ਵਿੱਚ ‘ਆਈ–ਮੈਨ’ (ਨੇਤਰ–ਪੁਰਸ਼) ਆਖਿਆ ਜਾਂਦਾ ਹੈ। ਉਹ ਨੇਤਰ–ਦਾਨੀਆਂ ਦੀਆਂ ਅੱਖਾਂ ਲੈ ਕੇ ਲੋੜਵੰਦ ਮਰੀਜ਼ਾਂ ’ਚ ਟ੍ਰਾਂਸਪਲਾਂਟ ਲਈ ਆਪਣੇ ਖ਼ੁਦ ਦੇ ਜਾਂ ਹੋਰ ਵੱਖੋ–ਵੱਖਰੇ ਆਈ–ਬੈਂਕਾਂ ਤੱਕ ਪਹੁੰਚਾਉਂਦੇ ਸਨ। ਪਰ ਹੁਣ ਅਸ਼ੋਕ ਜੈਨ ਖ਼ੁਦ ਖ਼ੁਰਾਕ–ਨਾਲ਼ੀ ਦੇ ਕੈਂਸਰ ਰੋਗ ਨਾਲ ਜੂਝ ਰਹੇ ਹਨ।
ਅਸ਼ੋਕ ਜੈਨ ਹੁਰਾਂ ਦਾ ਪਰਿਵਾਰ ਹੁਣ ਉਦਾਸ ਹੈ ਕਿ ਜਿਸ ਵਿਅਕਤੀ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਸੇਵਾ ਦੇ ਲੇਖੇ ਲਾ ਦਿੱਤਾ ਪਰ ਅੱਜ ਉਸੇ ਦੀ ਸੇਵਾ ਲਈ ਕੋਈ ਵਿਅਕਤੀ ਅੱਗੇ ਨਹੀਂ ਆ ਰਿਹਾ।
ਸ੍ਰੀ ਅਸ਼ੋਕ ਜੈਨ ਦੇ ਘਰ ਦਾ ਇੱਕ ਕਮਰਾ ਪੂਰੀ ਤਰ੍ਹਾਂ ਵੱਖੋ–ਵੱਖਰੇ ਅਧਿਕਾਰੀਆਂ, ਸੰਸਥਾਵਾਂ ਤੇ ਸਿਆਸੀ ਆਗੂਆਂ ਵੱਲੋਂ ਦਿੱਤੇ ਸ਼ਲਾਘਾ–ਪੱਤਰਾਂ, ਸਨਮਾਨ–ਪੱਤਰਾਂ ਅਤੇ ਅਜਿਹੇ ਹੋਰ ਸਰਟੀਫ਼ਿਕੇਟਾਂ ਨਾਲ ਭਰਿਆ ਹੋਇਆ ਹੈ।
ਸਹਾਰਨਪੁਰ ਦੇ ਪ੍ਰੀਤ ਵਿਹਾਰ ਇਲਾਕੇ ’ਚ ਸਥਿਤ ਅਸ਼ੋਕ ਜੈਨ ਦਾ ਆਪਣਾ ‘ਰੌਸ਼ਨੀ ਆਈ ਬੈਂਕ’। ਉਸ ਬੈਂਕ ਦੇ ਗੇਟ ਉੱਤੇ ਪੋਸਟਰ ਲੱਗਾ ਹੋਇਆ ਹੈ; ਜਿਸ ਵਿੱਚ ਅਦਾਕਾਰਾ ਕਾਇਨਾਤ ਅਰੋੜਾ ਇਸ ਬੈਂਕ ਦੀ ਬ੍ਰਾਂਡ–ਅੰਬੈਸਡਰ ਵਜੋਂ ਵਿਖਾਈ ਦਿੰਦੀ ਹੈ।
ਸ੍ਰੀ ਅਸ਼ੋਕ ਜੈਨ ਦੇ ਪੁੱਤਰ ਸੂਰਜ ਨੇ ਦੱਸਿਆ ਕਿ ਲੋਕ ਇੱਥੇ ਆਉਂਦੇ ਹਨ; ਤਸਵੀਰਾਂ ਖਿੱਚਦੇ ਹਨ, ਹਮਦਰਦੀ ਪ੍ਰਗਟਾਉਂਦੇ ਹਨ ਤੇ ਫਿਰ ਫੋਕੇ ਭਰੋਸੇ ਦੇ ਕੇ ਸਦਾ ਲਈ ਗ਼ਾਇਬ ਹੋ ਜਾਂਦੇ ਹਨ।
ਇਸ ਪਰਿਵਾਰ ਕੋਲ ਕੋਈ ਬੈਂਕ ਬੈਲੰਸ ਵੀ ਨਹੀਂ ਹੈ ਤੇ ਨਾ ਹੀ ਮਾਲੀ ਇਮਦਾਦ ਦਾ ਕੋਈ ਹੋਰ ਸਾਧਨ ਹੈ।