ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਵਿਡੀਓ ਕਾਨਫ਼ਰੰਸ ਰਾਹੀਂ ਡਿਵੈਲਪਮੈਂਟ ਕਮੇਟੀ ਪਲੈਨਰੀ ਦੀ 101ਵੀਂ ਮੀਟਿੰਗ ਵਿੱਚ ਭਾਗ ਲਿਆ। ਏਜੰਡੇ ਦੀਆਂ ਮੱਦਾਂ ’ਚ ਕੋਵਿਡ–19 ਐਮਰਜੈਂਸੀ ਲਈ ਵਰਲਡ ਬੈਂਕ ਗਰੁੱਪ ਦੇ ਹੁੰਗਾਰੇ ਅਤੇ ‘ਕੋਵਿਡ–19 ਰਿਣ ਪਹਿਲਕਦਮੀ: ਆਈਡੀਏ ਦੇਸ਼ਾਂ ਦੇ ਸਹਿਯੋਗ ਨਾਲ ਕਾਰਵਾਈ ਲਈ ਕੌਮਾਂਤਰੀ ਸੱਦਾ’ ਬਾਰੇ ਤਾਜ਼ਾ ਜਾਣਕਾਰੀ ਦਾ ਆਦਾਨ–ਪ੍ਰਦਾਨ ਕਰਨਾ ਸ਼ਾਮਲ ਸਨ।
ਇਸ ਸੈਸ਼ਨ ’ਚ ਬੋਲਦਿਆਂ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜਿੰਨੀ ਵੱਧ ਸਾਡੀ ਆਬਾਦੀ ਹੈ, ਉਸ ਹਿਸਾਬ ਨਾਲ ਤਾਂ ਭਾਰਤ ਕੋਵਿਡ ਦਾ ਇੱਕ ਵੱਡਾ ਹੌਟ–ਸਪੌਟ ਬਣ ਸਕਦਾ ਸੀ। ਸਰਕਾਰ ਨੇ ਇਸ ਮਾਮਲੇ ’ਚ ਕਦੇ ਕੋਈ ਮੌਕਾ ਨਹੀਂ ਖੁੰਝਾਇਆ ਤੇ ਇਸ ਮਹਾਮਾਰੀ ਦਾ ਪ੍ਰਭਾਸ਼ਾਲੀ ਤਰੀਕੇ ਟਾਕਰਾ ਕਰਨ ਲਈ ਸਿਹਤ ਪ੍ਰਣਾਲੀ ਦੀ ਮਦਦ ਲਈ ਵੱਡੇ ਜਤਨ ਸ਼ੁਰੂ ਕੀਤੇ। ਅਹਿਮ ਕਦਮਾਂ/ਉਪਾਵਾਂ ’ਚ ਸਮਾਜਕ–ਦੂਰੀ, ਯਾਤਰਾ ’ਤੇ ਪਾਬੰਦੀਆਂ, ਸਰਕਾਰੀ ਤੇ ਨਿਜੀ ਖੇਤਰਾਂ ’ਚ ਘਰ ਤੋਂ ਕੰਮ ਤੇ ਘਰ ’ਚ ਹੀ ਰਹਿਣਾ ਵਧੇਰੇ ਟੈਸਟਿੰਗ, ਸਕ੍ਰੀਨਿੰਗ ਤੇ ਇਲਾਜ ਉੱਤੇ ਕੇਂਦ੍ਰਿਤ ਸਿੱਧੇ ਸਿਹਤ ਦਖ਼ਲ, ਸ਼ਾਮਲ ਹਨ; ਜਿਨ੍ਹਾਂ ਨੇ ਇਸ ਵਿਸ਼ਵ–ਪੱਧਰੀ ਮਹਾਮਾਰੀ ਦੇ ਅਸਰ ਨੂੰ ਰੋਕਣ ਵਿੱਚ ਮਦਦ ਕੀਤੀ।
ਵਿੱਤ ਮੰਤਰੀ ਨੇ ਇਹ ਤੱਥ ਸਾਂਝਾ ਕੀਤਾ ਕਿ ਸਰਕਾਰ ਨੇ ਸਿਹਤ ਕਰਮਚਾਰੀਆਂ ਦਾ ਮੁਫ਼ਤ ਸਿਹਤ ਬੀਮਾ ਕੀਤਾ; ਕੈਸ਼ ਟ੍ਰਾਂਸਫ਼ਰਜ਼ ਕੀਤੇ, ਮੁਫ਼ਤ ਭੋਜਨ ਤੇ ਗੈਸ ਵੰਡਣ ਜਿਹੇ ਕੰਮਾਂ ਉੱਤੇ 23 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ; ਅਤੇ ਪੀੜਤ ਕਾਮਿਆਂ ਲਈ ਸਮਾਜਕ ਸੁਰੱਖਿਆ ਵਾਸਤੇ ਕਦਮ ਚੁੱਕੇ। ਫ਼ਰਮਾਂ – ਖਾਸ ਕਰਕੇ ਛੋਟੇ ਤੇ ਦਰਮਿਆਨੇ ਉੱਦਮਾਂ ਦੀ ਮਦਦ ਲਈ, ਆਰਥਿਕ ਮੌਕੇ ਦੇ ਅਚਾਨਕ ਨੁਕਸਾਨ ਦਾ ਸਾਹਮਣਾ ਕਰਨ ਲਈ ਸਰਕਾਰ ਨੇ ਆਮਦਨ ਟੈਕਸ, ਜੀਐੱਸਟੀ, ਕਸਟਮਜ਼, ਵਿੱਤੀ ਸੇਵਾਵਾਂ ਤੇ ਕਾਰਪੋਰੇਟ ਮਾਮਲਿਆਂ ਨਾਲ ਸਬੰਧਤ ਵਿਧਾਲਕ ਅਤੇ ਰੈਗੂਲੇਟਰੀ ਪਾਲਣਾ ਦੇ ਮਾਮਲਿਆਂ ਵਿੱਚ ਰਾਹਤ ਪ੍ਰਦਾਨ ਕੀਤੀ ਹੈ।
ਕੇਂਦਰੀ ਬੈਂਕ ਨੇ ਵੀ ਬਹੁਤ ਸਾਥ ਦਿੱਤਾ ਹੈ। ਬਾਜ਼ਾਰ ਦੀ ਅਸਥਿਰਤਾ ਘਟਾਉਣ ਲਈ ਰੈਗੂਲੇਟਰਜ਼ ਕਦਮ ਚੁੱਕ ਰਹੇ ਹਨ। ਇਨਸਾਨੀਅਤ ਦੇ ਆਧਾਰ ਉੱਤੇ ਸਹਾਇਤਾ ਦੇ ਰੂਪ ਵਿੱਚ ਵਾਧੂ ਸਹਾਇਤਾ ਦੇਣ ਤੇ ਆਉਂਦੇ ਦਿਨਾਂ ’ਚ ਆਰਥਿਕ ਪ੍ਰੋਤਸਾਹਨ ਮੁਹੱਈਆ ਕਰਵਾਉਣ ਲਈ ਸਰਕਾਰ ਸਬੰਧਤ ਧਿਰਾਂ ਨਾਲ ਵਿਆਪਕ ਤੌਰ ’ਤੇ ਕੰਮ ਕਰ ਰਹੀ ਹੈ।
ਸ੍ਰੀਮਤੀ ਸੀਤਾਰਮਣ ਨੇ ਵੀ ਕਿਹਾ ਕਿ ਵਿਸ਼ਵ–ਸਮਾਜ ਦੇ ਜ਼ਿੰਮੇਵਾਰ ਨਾਗਰਿਕਾਂ ਵਜੋਂ ਅਸੀਂ ਲੋੜਵੰਦ ਦੇਸ਼ਾਂ ਨੂੰ ਅਹਿਮ ਦਵਾਈਆਂ ਸਪਲਾਈ ਕਰ ਰਹੇ ਹਾਂ ਤੇ ਜਦੋਂ ਵੀ ਅਜਿਹੀ ਸਥਿਤੀ ਕਦੇ ਪੈਦਾ ਹੋਵੇਗੀ, ਅਸੀਂ ਇੰਝ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ‘ਫ਼ਾਸਟ ਟ੍ਰੈਕ ਕੋਵਿਡ–19 ਰੈਸਪੌਂਸ ਫ਼ੈਸੀਲਿਟੀ’ ਸ਼ੁਰੂ ਕਰਨ ਵਿੱਚ ਵਿਸ਼ਵ ਬੈਂਕ ਗਰੁੱਪ ਦੇ ਤੇਜ਼–ਰਫ਼ਤਾਰ ਹੁੰਗਾਰੇ ਤੇ ਕਾਰਜਕੁਸ਼ਲਤਾ ਦੀ ਸ਼ਲਾਘਾ ਕੀਤੀ।