ਇੱਕ ਸਾਬਤ–ਸੂਰਤ ਸਿੱਖ ਸ੍ਰੀ ਪਰਮ ਸਾਹਿਬ ਨੂੰ ਦਿੱਲੀ ਦੇ ਇੱਕ ਰੈਸਟੋਰੈਂਟ ‘ਵੀ ਕੁਤਬ’ ਦੇ ਪ੍ਰਬੰਧਕਾਂ ਨੇ ਸਿਰਫ਼ ਇਸ ਲਈ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਦਾੜ੍ਹੀ–ਕੇਸ ਪਸੰਦ ਨਹੀਂ ਸਨ।
ਸ੍ਰੀ ਪਰਮ ਸਾਹਿਬ ਨੇ ਆਪਣਾ ਦੁਖੜਾ ਇੰਸਟਾਗ੍ਰਾਮ ਉੱਤੇ ਸਾਂਝਾ ਕਰਦਿਆਂ ਦੋਸ਼ ਲਾਇਆ ਹੈ ਕਿ ਰੈਸਟੋਰੈਂਟ ਦੇ ਸਟਾਫ਼ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ। ਇਹ ਘਟਨਾ ਸਨਿੱਚਰਵਾਰ ਰਾਤ ਦੀ ਹੈ; ਜਦੋਂ ਉਨ੍ਹਾਂ ਤੇ ਉਨ੍ਹਾਂ ਦੇ ਇੱਕ ਹੋਰ ਦੋਸਤ ਨਾਲ ਦੁਰਵਿਹਾਰ ਕੀਤਾ ਗਿਆ।
ਉਨ੍ਹਾਂ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਹੈ ਕਿ – ‘ਮੈਨੂੰ ਸਿਰਫ਼ ਮੇਰੀ ਅਣਕੱਟੀ ਦਾੜ੍ਹੀ ਤੇ ਕੇਸਾਂ ਕਾਰਨ ਰੈਸਟੋਰੈਂਟ ਅੰਦਰ ਦਾਖ਼ਲ ਹੋਣ ਤੋਂ ਵਰਜਿਆ ਗਿਆ ਕਿਉਂਕ ਉਨ੍ਹਾਂ ਮੁਤਾਬਕ ਮੈਂ ਕਿਸੇ ਹਿੰਦੂ ਜੈਂਟਲਮੈਨ ਵਾਂਗ ‘ਕੂਲ’ ਨਹੀਂ ਲੱਗਦਾ।’
ਸ੍ਰੀ ਪਰਮ ਸਾਹਿਬ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਮੌਜੂਦ ਦੋਸਤ ਕੁੜੀਆਂ ਨਾਲ ਵੀ ਮਾੜੇ ਤਰੀਕੇ ਗੱਲਬਾਤ ਕੀਤੀ ਗਈ। ਇਹ ਸਾਰਾ ਕਾਰਾ ਰੈਸਟੋਰੈਂਟ ਦੇ ਕਾਊਂਟਰ ਉੱਤੇ ਬੈਠੇ ਵਿਅਕਤੀ ਨੇ ਕੀਤਾ।
ਉਸ ਰਿਸੈਪਸ਼ਨਿਸਟ ਨੇ ਕਿਹਾ ਕਿ – ‘‘ਅਸੀਂ ਸਿੱਖ ਲੋਕਾਂ ਨੂੰ ਲਾਊਂਜ ਵਿੱਚ ਦਾਖ਼ਲ ਨਹੀਂ ਹੋਣ ਦਿੰਦੇ ਤੇ ਇਹ ਸਾਡਾ ਆਦਰਸ਼–ਵਾਕ ਹੈ।‘ ਬਾਅਦ ’ਚ ਉਸ ਰਿਸੈਪਸ਼ਨਿਸਟ ਨੇ ਆਪਣੀ ਗੱਲ ਨੂੰ ਕੁਝ ਸੋਧ ਕੇ ਆਖਿਆ ਕਿ ਉਸ ਨੂੰ ਮੇਰਾ ਗੁਲਾਬੀ ਕਮੀਜ਼ ਪਸੰਦ ਨਹੀਂ।’’
ਹੁਣ ਰੈਸਟੋਰੈਂਟ ਦੇ ਮਾਲਕ ਵਾਰ–ਵਾਰ ਸ੍ਰੀ ਪਰਮ ਸਾਹਿਬ ਨਾਲ ਸੰਪਰਕ ਕਰਨ ਦੇ ਜਤਨ ਕਰ ਰਹੇ ਹਨ। ਸ੍ਰੀ ਪਰਮ ਸਾਹਿਬ ਚਾਹੁੰਦੇ ਹਨ ਕਿ ਮਾਲਕ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਇਆ ਹੈ ਕਿ ‘ਵੀ ਕੁਤਬ’ ਨਾਂਅ ਦੇ ਇਸ ਹੋਟਲ ’ਚ ਉਨ੍ਹਾਂ ਨਾਲ ਵੀ ਅਜਿਹਾ ਦੁਰਵਿਹਾਰ ਪਹਿਲਾਂ ਹੋ ਚੁੱਕਾ ਹੈ।
ਜਦੋਂ ਖ਼ਬਰ ਏਜੰਸੀ ‘ਆਈਏਐੱਨਐੱਸ’ ਨੇ ‘ਵੀ ਕੁਤਬ’ ਦੇ ਮਾਲਕਾਂ ਨਾਲ ਸੰਪਰਕ ਕਰਨ ਦਾ ਜਤਨ ਕੀਤਾ, ਤਾਂ ਇਹ ਤੁਰੰਤ ਸੰਭਵ ਨਾ ਹੋ ਸਕਿਆ।