ਅਯੁੱਧਿਆ ’ਚ ਵਿਵਾਦਗ੍ਰਸਤ ਢਾਂਚੇ ਅੰਦਰ ਸਭ ਤੋਂ ਪਹਿਲਾਂ ਦਾਖ਼ਲ ਹੋਣ ਵਾਲਾ ਵਿਅਕਤੀ ਇੱਕ ਸਿੱਖ ਸੀ; ਜਿਸ ਨੇ 1858 ਈ. ਵਿੱਚ ਅੰਦਰੂਨੀ ਹਿੱਸੇ ਵਿੱਚ ਝੰਡਾ ਵੀ ਲਹਿਰਾਇਆ ਸੀ। ਅਯੁੱਧਿਆ ਮਾਮਲੇ ਦੀ ਸੁਣਵਾਈ ਦੇ ਅੱਜ 31ਵੇਂ ਦਿਨ ਜ਼ਰਫ਼ਰਯਾਬ ਜੀਲਾਨੀ ਦੀ ਬਹਿਸ ਦੌਰਾਨ ਸੰਵਿਧਾਨਕ ਬੈਂਚ ਨੂੰ ਇਹ ਜਾਣਕਾਰੀ ਦਿੱਤੀ ਗਈ।
ਦਰਅਸਲ, ਜਸਟਿਸ ਐੱਸਏ ਬੋਬੜੇ ਨੇ ਜੀਲਾਨੀ ਨੂੰ ਮਸਜਿਦ ਅੰਦਰ ਹਿੰਦੂਆਂ ਦੇ ਘੁਸਣ ਤੇ ਪੂਜਾ ਕਰਨ ਦੇ ਦਾਅਵੇ ਉੱਤੇ ਸੁਆਲ ਕੀਤੇ ਸਨ। ਜਸਟਿਸ ਬੋਬੜੇ ਨੇ ਜੀਲਾਨੀ ਤੋਂ ਪੁੱਛਿਆ ਕਿ ਕੀ ਮਸਜਿਦ ਬਣਨ ਤੋਂ ਬਾਅਦ 1885 ਤੋਂ ਪਹਿਲੇ ਹਿੰਦੂਆਂ ਨੇ ਕੈਂਪਸ ਦੇ ਅੰਦਰ ਜਾ ਕੇ ਪੂਜਾ ਕਰਨ ਦੀ ਕੋਸ਼ਿਸ਼ ਕੀਤੀ।
ਜੀਲਾਨੀ ਨੇ ਜਵਾਬ ਦਿੱਤਾ ਕਿ ਅਜਿਹਾ ਨਹੀਂ ਹੈ। ਸਾਲ 1865 ’ਚ ਜ਼ਮੀਨ ਦੇ ਬਾਹਰੀ ਹਿੱਸੇ ਭਾਵ ਰਾਮ ਚਬੂਤਰੇ ਉੱਤੇ ਹਿੰਦੂ ਪੂਜਾ ਕਰਨ ਲੱਗੇ ਪਰ 1858 ਈ. ਵਿੱਚ ਜਿਸ ਵਿਅਕਤੀ ਨੇ ਵਿਵਾਦਗ੍ਰਸਤ ਢਾਂਚੇ ਅੰਦਰ ਸਭ ਤੋਂ ਪਹਿਲਾਂ ਐਂਟਰੀ ਕੀਤੀ ਸੀ; ਉਹ ਇੱਕ ਸਿੱਖ ਸੀ। ਉਨ੍ਹਾਂ ਅੰਦਰ ਘੁਸ ਕੇ ਝੰਡਾ ਲਹਿਰਾਇਆ ਸੀ।
ਇਸ ’ਤੇ ਜਸਟਿਸ ਬੋਬੜੇ ਨੇ ਟਿੱਪਣੀ ਕੀਤੀ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਵਿੱਚ ਭਗਵਾਨ ਰਾਮ ਦਾ ਜ਼ਿਕਰ ਵੀ ਆਉਂਦਾ ਹੈ। ਸੁੰਨੀ ਵਕਫ਼ ਬੋਰਡ ਦੇ ਵਕੀਲ ਜ਼ਫ਼ਰਯਾਬ ਜੀਲਾਨੀ ਨੇ ਕਿਹਾ ਕਿ ਅਜਿਹਾ ਕੋਈ ਦਸਤਾਵੇਜ਼ ਨਹੀਂ ਹੈ ਕਿ ਜਿਸ ਤੋਂ ਸਿੱਧ ਹੋਵੇ ਕਿ ਬਾਬਬਰੀ ਮਸਜਿਦ ਦੇ ਅੰਦਰਲੇ ਹਿੱਸੇ ਵਿੱਚ ਸ੍ਰੀਰਾਮ ਦਾ ਜਨਮ–ਅਸਥਾਨ ਹੈ।
ਪੈਟ੍ਰਿਕ ਕਾਰਨੇਜ ਤੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ 1857 ਈ. ਵਿੱਚ ਵੀ ਸਿਪਾਹੀ ਬਗ਼ਾਵਤ ਦੌਰਾਨ ਮੁਸਲਮਾਨ ਤੇ ਹਿੰਦੂ ਮਸਜਿਦ ਦੇ ਅੰਦਰ ਪ੍ਰਾਰਥਨਾ ਕਰਦੇ ਸਨ। ਜੱਜਾਂ ਨੇ ਉਸ ਵੇਲੇ ਕੁਝ ਗੈਜੇਟੀਅਰ ਨੂੰ ਲੈ ਕੇ ਵੀ ਜੀਲਾਨੀ ਤੋਂ ਸੁਆਲ ਪੁੱਛੇ। ਜਸਟਿਸ ਚੰਦਰਚੂੜ ਨੇ ਕਿਹਾ ਕਿ ਉਸ ਵੇਲੇ ਦੀ ਅਧਿਕਾਰਤ ਰਿਪੋਰਟ ਵਿੱਚ ਅਯੁੱਧਿਆ ’ਚ ਸ੍ਰੀਰਾਮ ਦਾ ਜਨਮ–ਅਸਥਾਨ ਹੋਣ ਦਾ ਵਰਨਣ ਹੈ।
ਤਦ ਜੀਲਾਨੀ ਨੇ 1862 ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਮੁਤਾਬਕ ਰਾਮਕੋਟ ਦੇ ਕਿਲੇ ਵਿੱਚ ਮੌਜੂਦ ਇੱਕ ਜਗ੍ਹਾ ਨੂੰ ਵੀ ਸ੍ਰੀਰਾਮ ਦਾ ਜਨਮ–ਅਸਥਾਨ ਮੰਨਿਆ ਜਾਦਾ ਰਿਹਾ ਹੈ।