ਆਧਾਰ ਕਾਰਡ ਨੂੰ ਲੈ ਕੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਇਕ ਤਾਜਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਆਧਾਰ ਕਾਰਡਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਣਾ ਸੀ, ਉਹ ਸਾਰੇ ਇਕ ਨਦੀ ਦੇ ਕਿਨਾਰੇ ਤੋਂ ਮਿਲੇ ਹਨ। ਦਰਅਸਲ, ਤਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ਵਿਚ ਮੁਲੀਆਰੂ ਨਦੀ ਦੇ ਕਿਨਾਰੇ ਕਰੀਬ ਦੋ ਹਜ਼ਾਰ ਆਧਾਰ ਕਾਰਡ ਮਿਲੇ ਹਨ, ਰਾਜਸਵ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਆਧਾਰ ਕਾਰਡਾਂ ਨੂੰ ਸਬੰਧਤ ਡਾਕ ਕਰਮੀ ਕਥਿਤ ਤੌਰ ਉਤੇ ਉਚਿਤ ਲੋਕਾਂ ਤੱਕ ਨਹੀਂ ਪਹੁੰਚਾ ਸਕੇ ਸਨ। ਉਨ੍ਹਾਂ ਕਿਹਾ ਕਿ ਤਿਰੂਪੁਰਾਪੁੰਡੀ ਦੇ ਕੁਝ ਸਥਾਨਕ ਲੋਕਾਂ ਨੂੰ ਇਨ੍ਹਾਂ ਵਿਚ ਆਪਣੇ ਆਧਾਰ ਕਾਰਡ ਮਿਲੇ ਹਨ। ਥੈਲੇ ਵਿਚ ਭਰੇ ਆਧਾਰ ਕਾਰਡ ਨਦੀ ਕਿਨਾਰੇ ਖੇਡ ਰਹੇ ਬੱਚਿਆਂ ਨੂੰ ਮਿਲੇ ਸਨ।
ਇਸ ਤੋਂ ਬਾਅਦ ਰਾਜਸਵ ਅਧਿਕਾਰੀ ਉਸ ਸਥਾਨ ਉਤੇ ਪਹੁੰਚੇ ਅਤੇ ਕਾਰਡ ਬਰਾਮਦ ਕੀਤੇ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੀ ਛਪਾਈ ਦੋ ਸਾਲ ਪਹਿਲਾਂ ਹੋਈ ਹੋਵੇਗੀ। ਪੁਲਿਸ ਨੇ ਕਿਹਾ ਕਿ ਪੇਂਡੂ ਪ੍ਰਸ਼ਾਸਨ ਅਧਿਕਾਰੀਆਂ ਦੀ ਸ਼ਿਕਾਇਤ ਉਤੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਧਾਰ ਕਾਰਡ ਸੁੱਟੇ ਜਾਣ ਦੀਆਂ ਕਈ ਖ਼ਬਰਾਂ ਆ ਚੁੱਕੀਆਂ ਹਨ।