ਲੋਕਸਭਾ ਚੋਣਾਂ 2019 ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਲ 2014 ਦੀ ਤਰ੍ਹਾਂ 2019 ਦੀਆਂ ਲੋਕਸਭਾ ਚੋਣਾਂ ਚ ਪਾਰਟੀ ਪੂਰੇ ਦੇਸ਼ ਚ ਚੋਣਾਂ ਨਹੀਂ ਲੜੇਗੀ ਬਲਕਿ ਸਿਰਫ ਦੇਸ਼ ਦੀਆਂ ਚੋਣਵੀਂਆਂ ਸੀਟਾਂ ਤੇ ਚੋਣਾਂ ਲੜਨ ਦਾ ਵਿਚਾਰ ਹੈ। ਪਾਰਟੀ ਦੀ ਅੱਖ ਇਸ ਵਾਰ ਉੱਤਰੀ ਭਾਰਤ ਦੀਆਂ 33 ਲੋਕਸਭਾ ਸੀਟਾਂ ਤੇ ਹੀ ਰਹੇਗੀ।
ਪਾਰਟੀ ਦੇ ਦਿੱਲੀ ਪ੍ਰਬੰਧਕ ਗੋਪਾਲ ਰਾਏ ਨੇ ਬੁੱਧਵਾਰ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦਿੱਲੀ ਚ 7, ਹਰਿਆਣਾ ਚ 10, ਪੰਜਾਬ ਚ 13, ਗੋਆ ਚ 2 ਅਤੇ ਚੰਡੀਗੜ੍ਹ ਚ 1 ਸੀਟ ਤੇ ਜ਼ੋਰਦਾਰ ਢੰਗ ਨਾਲ ਚੋਣਾਂ ਲੜਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਸਭਾ ਚੋਣਾਂ ਨੂੰ ਲੈ ਕੇ ਆਪਣੇ ਜਿੱਤਣ ਵਾਲੇ ਆਗੂਆਂ ਨੂੰ ਜਿ਼ੰਮੇਵਾਰੀਆਂ ਸੌਂਪ ਰਹੇ ਹਨ।
ਗੋਪਾਲ ਰਾਏ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਜੇਕਰ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨਾ ਪਿਆ ਤਾਂ ਉਹ ਇਸ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਅਸੀਂ ਹੋਰਨਾਂ ਵਿਕਲਪਾਂ ਨੂੰ ਖੁੱਲ੍ਹਾ ਰੱਖਿਆ ਹੈ। ਅਸੀਂ ਭਾਜਪਾ ਦੀ ਤਾਨਾਸ਼ਾਹੀ ਨੂੰ ਖਤਮ ਕਰਨ ਲਈ ਹੋਰਨਾਂ ਦਲਾਂ ਨਾਲ ਸਮਝੌਤਾ ਕਰਨ ਲਈ ਤਿਆਰ ਹਾਂ।
ਵੀਰਵਾਰ ਨੂੰ ਪੰਜਾਬ ਇਕਾਈ ਦੇ ਸਾਰੀ ਅਹੁਦੇਦਾਰਾਂ ਨੂੰ ਸੱਦਿਆ ਗਿਆ ਹੈ ਤੇ ਬੈਠਕ ਦੌਰਾਨ ਚੋਣ ਪ੍ਰਚਾਰ, ਗਠਜੋੜ ਸਮੇਤ ਹੋਰਨਾਂ ਮੁੱਦਿਆਂ ਤੇ ਚਰਚਾ ਹੋਵੇਗੀ।
/