ਦਿੱਲੀ 'ਚ ਫਿਰਕੂ ਦੰਗੇ ਦੇ ਲਗਭਗ ਇੱਕ ਹਫ਼ਤੇ ਬਾਅਦ ਸਥਿਤੀ ਸ਼ਾਂਤ ਪਰ ਤਣਾਅਪੂਰਨ ਬਣੀ ਹੋਈ ਹੈ। ਇਨ੍ਹਾਂ ਇਲਾਕਿਆਂ 'ਚ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਜਾਰੀ ਹੈ। ਇਸ ਦੇ ਨਾਲ ਹੀ ਦੰਗਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਸੋਮਵਾਰ ਨੂੰ ਦਿੱਲੀ ਦੰਗਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 46 ਤੱਕ ਪਹੁੰਚ ਗਈ ਹੈ।
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਨ੍ਹਾਂ ਦੰਗਿਆਂ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਅੱਜ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਖੜੇ ਹੋ ਕੇ ਦਿੱਲੀ ਦੰਗਿਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਭਗਵੰਤ ਮਾਨ ਅਤੇ ਸੰਜੇ ਸਿੰਘ ਨੇ ਹੱਥਾਂ 'ਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ, 'ਦੰਗਾਈ ਇਸ ਦੇਸ਼ ਮੇਂ, ਭਾਜਪਾ ਕੇ ਵੇਸ਼ ਮੇਂ', 'ਦੰਗਾਈਓਂ ਕੇ ਸਨਮਾਨ ਮੇਂ, ਭਾਜਪ ਮੈਦਾਨ ਮੇਂ', 'ਦੰਗਾਈਓਂ ਸੇ ਯਾਰੀ, ਦੇਸ਼ ਦੇ ਗੱਦਾਰੀ'।
ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਗੁੱਸਾ ਕੱਢਦਿਆਂ ਕਿਹਾ ਕਿ ਦਿੱਲੀ ਪੁਲਿਸ ਕੇਂਦਰ ਅਧੀਨ ਹੈ। ਇਸ ਦੇ ਬਾਵਜੂਦ ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਦੰਗੇ ਹੋ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਵੱਲੋਂ ਸਾਜ਼ਿਸ਼ ਤਹਿਤ ਇਹ ਦੰਗੇ ਕਰਵਾਏ ਜਾ ਰਹੇ ਹਨ। ਭਾਜਪਾ ਨੂੰ ਦਿੱਲੀ 'ਚ ਮਿਲੀ ਹਾਰ ਹਜ਼ਮ ਨਹੀਂ ਹੋ ਰਹੀ ਹੈ, ਇਸੇ ਕਾਰਨ ਉਹ ਫਿਰਕੂ ਦੰਗੇ ਕਰਵਾ ਰਹੀ ਹੈ।