ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕਾ ਅਲਕਾ ਲਾਂਬਾ ਅੱਜ ਰਸਮੀ ਤੌਰ ਉੱਤੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਿੱਲੀ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਉਹ ਪਹਿਲਾਂ ਕੱਲ੍ਹ ਸ਼ੁੱਕਰਵਾਰ ਨੂੰ ਹੀ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਨ ਪਰ ਕੁਝ ਕਾਰਨਾਂ ਕਰ ਕੇ ਅਜਿਹਾ ਸੰਭਵ ਨਾ ਹੋ ਸਕਿਆ।
ਇੱਥੇ ਵਰਨਣਯੋਗ ਹੈ ਕਿ ਅਲਕਾ ਲਾਂਬਾ ਨੇ ਇੱਕ ਮਹੀਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੱਲ੍ਹ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਮੁਲਤਵੀ ਹੋਣ ’ਤੇ ਅਲਕਾ ਲਾਂਬਾ ਨੇ ਟਵਿਟਰ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ – ‘ਅੱਜ ਕੁਝ ਕਾਰਨਾਂ ਕਰਕੇ ਕਾਂਗਰਸ ਵਿੱਚ ਮੇਰੀ ਤੇ ਮੇਰੇ ਹੋਰ ਸਾਥੀਆਂ ਦੀ ਜੁਆਇਨਿੰਗ ਨਹੀਂ ਹੋ ਰਹੀ ਹੈ। ਅਸੀਂ ਸਾਰੇ ਕੱਲ੍ਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਵਾਂਗੇ। ਤੁਹਾਨੂੰ ਸਭ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਹੈ। ਜੈ ਹਿੰਦ।’
ਬੀਤੀ 6 ਸਤੰਬਰ ਨੂੰ ਆਮ ਆਦਮੀ ਪਾਰਟੀ ਛੱਡਣ ਦੇ ਕੁਝ ਘੰਟਿਆਂ ਬਾਅਦ ਹੀ ਅਲਕਾ ਲਾਂਬਾ ਨੇ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਰਿਹਾਇਸ਼ਗਾਹ ’ਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ।
ਸਾਲ 2015 ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਚਾਂਦਨੀ ਚੌਕ ਵਿਧਾਨ ਸਭਾ ਤੋਂ ਚੋਣ ਲੜਨ ਤੋਂ ਪਹਿਲਾਂ ਹੀ ਅਲਕਾ ਲਾਂਬਾ ਨੇ ਕਾਂਗਰਸ ਪਾਰਟੀ ਤੋਂ ਆਪਣਾ 20 ਸਾਲ ਪੁਰਾਣਾ ਰਿਸ਼ਤਾ ਤੋੜ ਲਿਆ ਸੀ। ਅਲਕਾ ਲਾਂਬਾ ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਦਲ–ਬਦਲੀ ਦੇ ਆਧਾਰ ਉੱਤੇ 19 ਸਤੰਬਰ ਨੂੰ ਹੀ ਅਯੋਗ ਐਲਾਨ ਦਿੱਤਾ ਸੀ।