ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮਾ ਦੇਵੀ ਉੱਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਰਾਮਪੁਰ ਹਲਕੇ ਤੋਂ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਅੱਜ ਸੋਮਵਾਰ ਨੂੰ ਲੋਕ ਸਭਾ ਵਿੱਚ ਦੋ ਵਾਰ ਮਾਫ਼ੀ ਮੰਗੀ।
ਆਜ਼ਮ ਖ਼ਾਨ ਨੇ ਹਿਕਾ ਕਿ ਉਹ ਕਈ ਵਾਰ ਵਿਧਾਇਕ ਰਹੇ ਹਨ, ਰਾਜ ਸਭਾ ਦੇ ਮੈਂਬਰ ਰਹੇ ਹਨ। ਜੇ ਚੇਅਰ ਨੂੰ ਲੱਗਦਾ ਹੈ ਕਿ ਉਨ੍ਹਾਂ ਤੋਂ ਕੋਈ ਗ਼ਲਤੀ ਹੋਈ ਹੈ, ਤਾਂ ਉਹ ਖਿਮਾ ਦੇ ਜਾਚਕ ਹਨ। ਉਨ੍ਹਾਂ ਕਿਹਾ ਰਮਾ ਦੇਵੀ ਉਨ੍ਹਾਂ ਦੀ ਭੈਣ ਵਾਂਗ ਹਨ।
ਸ੍ਰੀ ਆਜ਼ਮ ਖ਼ਾਨ ਦੇ ਮਾਫ਼ੀ ਮੰਗਣ ਤੋਂ ਬਾਅਦ ਭਾਜਪਾ ਐੱਮਪੀ ਰਮਾ ਦੇਵੀ ਨੇ ਕਿਹਾ ਕਿ ਸਦਨ ਵਿੱਚ ਆਜ਼ਮ ਖ਼ਾਨ ਨੇ ਜੋ ਵੀ ਕਿਹਾ ਸੀ, ਉਹ ਸਮੁੱਚੇ ਦੇਸ਼ ਨੇ ਸੁਣਿਆ ਸੀ। ‘ਮੈਂ ਅਜਿਹੀ ਗੱਲ ਸੁਣਨ ਲਈ ਸਦਨ ਵਿੱਚ ਨਹੀਂ ਆਈ ਹੈ। ਇਨ੍ਹਾਂ ਦੀ ਤਾਂ ਆਦਤ ਵਿਗੜੀ ਹੋਈ ਹੈ।’
ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਜ਼ਮ ਖ਼ਾਨ ਤੇ ਅਖਿਲੇਸ਼ ਯਾਦਵ ਨੇ ਲੋਕ ਸਭਾ ਸਪੀਕਰ ਨਾਲ ਮੀਟਿੰਗ ਕੀਤੀ। ਉਨ੍ਹਾਂ ਨਾਲ ਭਾਜਪਾ ਸੰਸਦ ਮੈਂਬਰ ਰਮਾ ਦੇਵੀ ਵੀ ਮੌਜੂਦ ਸਨ।
ਇੱਥੇ ਵਰਨਣਯੋਗ ਹੈ ਕਿ ਲੋਕ ਸਭਾ ਵਿੱਚ ਸ਼ੁੱਕਰਵਾਰ ਨੂੰ ਭਾਰੀ ਹੰਗਾਮਾ ਤੇ ਆਜ਼ਮ ਖ਼ਾਨ ਉੱਤੇ ਕਾਰਵਾਈ ਦੀ ਮੰਗ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਇਸ ਮੁੱਦੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ।
ਏਐੱਨਆਈ ਮੁਤਾਬਕ ਵਿਰੋਧੀ ਧਿਰ ਦੇ ਆਗੂ ਤੇ ਲੋਕ ਸਭਾ ਸਪੀਕਰ ਮੀਟਿੰਗ ਦੌਰਾਨ ਇਸ ਗੱਲ ਉੱਤੇ ਸਹਿਮਤ ਹੋਏ ਕਿ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਨੂੰ ਭਾਜਪਾ ਐੱਮਪੀ ਰਮਾ ਦੇਵੀ ਉੱਤੇ ਆਪਣੀ ਇਤਰਾਜ਼ਯੋਗ ਟਿੱਪਣੀ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਜੇ ਆਜ਼ਮ ਖ਼ਾਨ ਇੰਝ ਨਾ ਕਰਦੇ, ਤਾਂ ਸਪੀਕਰ ਕਾਰਵਾਈ ਕਰ ਸਕਦੇ ਸਨ।