ਅੱਜ ਦੇ ਦਿਨ ਇੱਕ ਸਾਲ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਜਾਂਬਾਜ਼ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨ ’ਚ ਘੁਸ ਕੇ ਉਸ ਨੂੰ ਸਬਕ ਸਿਖਾਇਆ ਸੀ। ਵਿੰਗ ਕਮਾਂਡਰ ਅਭਿਨੰਦਨ ਨੇ ਹਵਾਈ ਮੁਕਾਬਲੇ ਦੌਰਾਨ ਆਪਣੇ ਪੁਰਾਣੇ ਮਿੱਗ–21 ਜੰਗੀ ਹਵਾਈ ਜਹਾਜ਼ ਨਾਲ ਪਾਕਿਸਤਾਨ ਦੇ ਅਤਿ–ਆਧੁਨਿਕ ਐੱਫ਼–16 ਜੰਗੀ ਹਵਾਈ ਜਹਾਜ਼ ਨੂੰ ਮਾਰ ਸੁੱਟਿਆ ਸੀ। ਉਨ੍ਹਾਂ ਪਾਕਿਸਤਾਨ ਦੇ ਪਾਇਲਟ ਨੂੰ ਵੀ ਡੇਗ ਲਿਆ ਸੀ।
ਇਸ ਦੌਰਾਨ ਅਭਿਨੰਦਨ ਦਾ ਜੰਗੀ ਹਵਾਈ ਜਹਾਜ਼ ਮਿੱਗ–21 ਹਾਦਸਾਗ੍ਰਸਤ ਹੋ ਗਿਆ ਸੀ ਤੇ ਉਹ ਪਾਕਿਸਤਾਨ ਦੇ ਕਬਜ਼ੇ ਹੇਠਲੇ ਇਲਾਕੇ ’ਚ ਪੁੱਜ ਗਏ ਸਨ।
ਤਦ ਪਾਕਿਸਤਾਨੀ ਫ਼ੌਜ ਨੇ ਭਾਰਤੀ ਹਵਾਈ ਫ਼ੌਜ ਦੇ ਜਾਂਬਾਜ਼ ਵਿੰਗ ਕਮਾਂਡਰ ਅਭਿਨੰਦਨ ਨੂੰ ਫੜ ਲਿਆ ਸੀ। ਭਾਰਤ ਦੇ ਦਬਾਅ ਅੱਗੇ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਝੁਕਣਾ ਪਿਆ ਸੀ ਤੇ ਅਭਿਨੰਦਨ ਨੂੰ 48 ਘੰਟਿਆਂ ਅੰਦਰ ਹੀ ਵਾਪਸ ਕਰਨਾ ਪਿਆ ਸੀ। ਇੱਕ ਮਾਰਚ, 2019 ਨੂੰ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਅਟਾਰੀ–ਵਾਹਗਾ ਬਾਰਡਰ ਰਾਹੀਂ ਸੀਨਾ ਤਾਣ ਕੇ ਆਪਣੇ ਵਰਤਨ ਵਰਤ ਆਏ ਸਨ।
ਵਿੰਗ ਕਮਾਂਡਰ ਅਭਿਨੰਦਨ ਦੀ ਬਹਾਦਰੀ ਦਾ ਹੀ ਨਤੀਜਾ ਸੀ ਕਿ ਪਾਕਿਸਤਾਨ ਨੂੰ ਹਵਾਈ ਮੁਕਾਬਲੇ ’ਚ ਧੂੜ ਚੱਟਣੀ ਪਈ ਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਬੀਤੇ ਵਰ੍ਹੇ 14 ਫ਼ਰਵਰੀ ਨੂੰ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਆਤਮਘਾਤੀ ਹਮਲਾ ਹੋਇਆ ਸੀ; ਜਿਸ ਵਿੱਚ ਸੀਆਰਪੀਐੱਫ਼ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਉਸ ਹਮਲੇ ਨੂੰ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਅੰਜਾਮ ਦਿੱਤਾ ਸੀ।
ਉਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ। ਇਸ ਲਈ 26 ਫ਼ਰਵਰੀ, 2019 ਨੂੰ ਭਾਰਤੀ ਹਵਾਈ ਫ਼ੌਜ ਦੇ ਮਿਰਾਜ–2000 ਜੰਗੀ ਹਵਾਈ ਜਹਾਜ਼ਾਂ ਨੇ ਸਰਹੱਦ ਪਾਰ ਕੀਤੀ ਤੇ ਪਾਕਿਸਤਾਨ ਦੇ ਬਾਲਾਕੋਟ ’ਚ ਘੁਸ ਕੇ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਟਿਕਾਣੇ ਉੱਤੇ ਬੰਬ ਵਰ੍ਹਾਏ। ਉੱਥੇ ਕਾਫ਼ੀ ਗਿਣਤੀ ’ਚ ਅੱਤਵਾਦੀ ਮਾਰੇ ਗਏ ਸਨ।
ਭਾਰਤ ਦੀ ਇਸ ਕਾਰਵਾਈ ਤੋਂ ਘਬਰਾ ਕੇ ਅਗਲੇ ਦਿਨ 27 ਫ਼ਰਵਰੀ ਨੂੰ ਪਾਕਿਸਤਾਨ ਨੇ ਐੱਫ਼–16 ਜੰਗੀ ਹਵਾਈ ਜਹਾਜ਼ਾਂ ਨਾਲ ਜਵਾਬੀ ਹਵਾਈ ਹਮਲਾ ਕੀਤਾ ਸੀ ਪਰ ਭਾਰਤੀ ਹਵਾਈ ਫ਼ੌਜ ਦੇ ਅਭਿਨੰਦਨ ਨੇ ਉਸ ਹਮਲੇ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਕੇ ਰੱਖ ਦਿੱਤਾ ਸੀ।