ਮਹਾਰਾਸ਼ਟਰ ਦੇ ਆਜ਼ਾਦ ਮੈਦਾਨ 'ਚ ਸਨਿੱਚਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਵਿਰੋਧ 'ਚ ਰੈਲੀ ਕੀਤੀ ਗਈ। ਅਦਾਕਾਰ ਸੁਸ਼ਾਂਤ ਸਿੰਘ ਨੇ ਇਸ ਰੋਸ ਰੈਲੀ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਮਨੁੱਖਾਂ ਨੂੰ ਜ਼ਿੰਦਾ ਸਾੜਿਆ ਜਾ ਸਕਦਾ ਹੈ ਪਰ ਬੱਸਾਂ ਨੂੰ ਨਹੀਂ ਸਾੜਨਾ ਚਾਹੀਦਾ, ਕਿਉਂਕਿ ਬੱਸਾਂ ਬਹੁਤ ਘੱਟ ਹਨ।
ਸੁਸ਼ਾਂਤ ਸਿੰਘ ਨੇ ਕਿਹਾ, "ਮੈਂ ਗ੍ਰਹਿ ਮੰਤਰੀ ਦਾ ਇੱਕ ਭਾਸ਼ਣ ਸੁਣ ਰਿਹਾ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਰਤ 'ਚ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਅਧਿਕਾਰ ਹੈ, ਪਰ ਬੱਸਾਂ ਨੂੰ ਨਹੀਂ ਸਾੜਨਾ ਚਾਹੀਦਾ। ਅਸੀਂ ਉਸ ਬੱਸ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਸਾਡੇ ਦੇਸ਼ 'ਚ ਲੋਕਾਂ ਨੂੰ ਮਾਰਿਆ ਜਾ ਸਕਦਾ ਹੈ, ਕਿਉਂਕਿ ਲੋਕ ਬਹੁਤ ਹਨ ਪਰ ਬੱਸਾਂ ਘੱਟ ਹਨ। ਕਸ਼ਮੀਰ 'ਚ ਕਰਫਿਊ ਲਗਾ ਦਿਓ, ਅਸਾਮ 'ਚ ਕਰਫਿਊ ਲਗਾ ਦਿਓ, ਲੋਕਾਂ ਨੂੰ ਮਾਰਿਆ ਜਾ ਸਕਦਾ ਹੈ ਪਰ ਬੱਸਾਂ ਘੱਟ ਹਨ। ਬੱਸਾਂ ਨਹੀਂ ਸਾੜੀਆਂ ਜਾਣੀਆਂ ਚਾਹੀਦੀਆਂ।"
ਉਨ੍ਹਾਂ ਕਿਹਾ, "ਇੱਕ ਰਮਾਇਣ ਲਿਖੀ ਜਾ ਰਹੀ ਹੈ। ਫਰਕ ਸਿਰਫ ਇਹ ਹੈ ਕਿ ਇਸ ਵਾਰ ਇਨ੍ਹਾਂ ਨੇ ਭਗਵਾਨ ਸ੍ਰੀ ਰਾਮ ਦੇ ਨਾਮ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਯਾਦ ਰੱਖੋ, ਇਸ ਵਾਰ ਉਨ੍ਹਾਂ ਦੀ ਲੰਕਾ ਨੂੰ ਦੇਸ਼ ਦੀ ਸੀਤਾ ਅੱਗ ਲਗਾਵੇਗੀ ਅਤੇ ਸੀਤਾ ਦੇ ਪਿੱਛੇ ਬਜਰੰਗ ਬਲੀ ਅਤੇ ਅਲੀ ਦੋਵੇਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ।"
ਸੁਸ਼ਾਂਤ ਸਿੰਘ ਨੇ ਕਿਹਾ, "ਜਦੋਂ ਭਗਤ ਸਿੰਘ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਉਦੋਂ ਇਹ ਨਹੀਂ ਸੋਚਿਆ ਸੀ ਕਿ ਕ੍ਰਾਂਤੀ ਨੂੰ ਅੱਖਾਂ ਨਾਲ ਵੇਖਣ ਦਾ ਮੌਕਾ ਮਿਲੇਗਾ। ਡਾ. ਕਫੀਲ ਨੂੰ ਹਮੇਸ਼ਾ ਲਈ ਜੇਲ ਭੇਜ ਦਿਓ ਪਰ ਬੱਸ ਨਹੀਂ ਸਾੜਨੀ ਚਾਹੀਦੀ।"