ਭਾਰਤੀ ਹਵਾਈ ਫ਼ੌਜ ਨੂੰ ਮਿਲੇ 280 ਕਿਲੋਮੀਟਰ ਦੀ ਰਫ਼ਤਾਰ ਤੇ 16 ਟੈਂਕ–ਤੋੜੂ ਮਿਸਾਇਲਾਂ ਛੱਡਣ ਦੀ ਸਮਰੱਥਾ ਵਾਲੇ ਹਮਲਾਵਰ ਅਪਾਚੇ ਹੈਲੀਕਾਪਟਰ ਤੋਂ ਬਾਅਦ ਹੁਣ ਜੰਗੀ ਜੈੱਟ ਹਵਾਈ ਜਹਾਜ਼ ਰਾਫ਼ੇਲ ਨੇ ਪਾਕਿਸਤਾਨ ਦੇ ਹੋਸ਼ ਉਡਾ ਦਿੱਤੇ ਹਨ।
ਫ਼ਰਾਂਸ ’ਚ ਜਿਸ ਵੇਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲਾ ਰਾਫ਼ੇਲ ਜੰਗੀ ਜਹਾਜ਼ ਹਾਸਲ ਕਰਨ ਵਿੱਚ ਰੁੱਝੇ ਹੋਏ ਸਨ; ਉਸੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਚੀਨ ’ਚ ਜੰਮੂ–ਕਸ਼ਮੀਰ ਦੇ ਮਸਲੇ ਉੱਤੇ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦਾ ਹਵਾਲਾ ਦੇ ਕੇ ਮਦਦ ਮੰਗਣ ਵਿੱਚ ਲੱਗੇ ਹੋਏ ਸਨ।
ਫ਼ੌਜ ਮੁਖੀ ਬਾਜਵਾ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੇ ਸੀਨੀਅਰ ਅਧਿਕਾਰੀਆਂ ਨੂੰ ਮੰਗਲਵਾਰ ਨੂੰ ਮਿਲਣਗੇ। ਜਨਰਲ ਬਾਜਵਾ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਹੈੱਡਕੁਆਰਟਰਜ਼ ਪੁੱਜ ਕੇ ਕਮਾਂਡਰ ਆਮਿਰ ਜਨਰਲ ਤੇ ਕੇਂਦਰੀ ਫ਼ੌਜੀ ਕਮਿਸ਼ਨ (CMC) ਦੇ ਸੀਨੀਅਰ ਅਧਿਕਾਰੀ ਨਾਲ ਖ਼ਾਸ ਮੀਟਿੰਗ ਕੀਤੀ।
ਖ਼ਾਸ ਗੱਲ ਇਹ ਰਹੀ ਕਿ ਪਾਕਿਸਤਾਨ ਦੇ ਫ਼ੌਜ ਮੁਖੀ ਬਾਜਵਾ ਤੇ ਇਮਰਾਨ ਖ਼ਾਨ ਦੋਵੇਂ ਵੱਖੋ–ਵੱਖਰੇ ਸਮਿਆਂ ’ਤੇ ਬੀਜਿੰਗ ਪੁੱਜੇ। ਪਹਿਲਾਂ ਬਾਜਵਾ ਪੁੱਜੇ ਤੇ ਉਸ ਤੋਂ ਬਾਅਦ ਮੰਗਲਵਾਰ ਨੂੰ ਇਮਰਾਨ ਖ਼ਾਨ ਬੀਜਿੰਗ ਪੁੱਜੇ। ਸੂਤਰਾਂ ਮੁਤਾਬਕ ਇੱਕ ਸਾਲ ਵਿੱਚ ਇਮਰਾਨ ਖ਼ਾਨ ਦਾ ਇਹ ਤੀਜਾ ਚੀਨ ਦੌਰਾ ਹੈ।
ਦਰਅਸਲ, ਜਦ ਤੋਂ ਬੀਤੀ 5 ਅਗਸਤ ਨੂੰ ਭਾਰਤ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਈ ਹੈ, ਪਾਕਿਸਤਾਨ ਵਿੱਚ ਇਸ ਦਾ ਤਿੱਖਾ ਪ੍ਰਤੀਕਰਮ ਹੋਇਆ ਹੈ। ਦੋਵੇਂ ਦੇਸ਼ਾਂ ਵਿਚਾਲੇ ਕੜਵਾਹਟ ਤਦ ਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ। ਇਸ ਦੌਰਾਨ ਭਾਰਤ ਦੀਆਂ ਫ਼ੌਜੀ ਸਮਰੱਥਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਉਦਾਹਰਣ ਵਜੋਂ ਭਾਰਤ ਨੇ ਤਿੰਨ ਸਤੰਬਰ ਨੂੰ ਜਿੱਥੇ ਅਮਰੀਕਾ ਤੋਂ ਕੁੱਲ 22 ਵਿੱਚੋਂ 8 ਅਪਾਚੇ ਹੈਲੀਕਾਪਟਰ ਲਏ, ਉੱਥੇ ਹੀ ਕੱਲ੍ਹ ਭਾਵ ਅੱਠ ਅਕਤੂਬਰ ਨੂੰ ਦੁਸਹਿਰਾ ਦੇ ਪਵਿੱਤਰ ਤਿਉਹਾਰ ਤੇ ਹਵਾਈ ਫ਼ੌਜ ਦਿਵਸ ਮੌਕੇ ਫ਼ਰਾਂਸ ਤੋਂ ਪਹਿਲਾ ਰਾਫ਼ੇਲ ਵੀ ਹਾਸਲ ਕਰ ਲਿਆ। ਇਸ ਤੋਂ ਯਕੀਨੀ ਤੌਰ ਉੱਤੇ ਪਾਕਿਸਤਾਨ ਕਾਫ਼ੀ ਡਰ ਗਿਆ ਹੈ।
ਸੂਤਰਾਂ ਮੁਤਾਬਕ ਪਾਕਿਸਤਾਨੀ ਹਵਾਈ ਫ਼ੌਜ ਨੇ ਵੀ ਇਮਰਾਨ ਖ਼ਾਨ ਨੂੰ ਇਹ ਦੱਸ ਦਿੱਤਾ ਹੈ ਕਿ ਜੰਗ ਲੱਗਣ ਦੀ ਹਾਲਤ ਵਿੱਚ ਆਪਣੇ ਅਤਿ–ਆਧੁਨਿਕ ਹਥਿਆਰਾਂ ਦੇ ਦਮ ਉੱਤੇ ਭਾਰਤ ਉਸ ਉੱਤੇ ਭਾਰੂ ਪੈ ਸਕਦਾ ਹੈ।