ਚੋਣ ਜ਼ਾਬਤੇ ਦੇ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਅਸਹਿਮਤੀ ਦੇ ਫ਼ੈਸਲੇ ਨੂੰ ਕਮਿਸ਼ਨ ਦੇ ਫ਼ੈਸਲੇ ਵਿੱਚ ਸ਼ਾਮਲ ਨਾ ਕਰਨ ਦੇ ਮੁੱਦੇ ਉੱਤੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਨਾਰਾਜਗੀ ਨੂੰ ਦੂਰ ਕਰਨ ਲਈ ਅਗਲੇ ਹਫ਼ਤੇ ਮੰਗਲਵਾਰ (21 ਮਈ) ਨੂੰ ਕਮਿਸ਼ਨ ਨੇ ਪੂਰਨ ਮੀਟਿੰਗ ਬੁਲਾਈ ਹੈ।
ਕਮਿਸ਼ਨ ਦੇ ਇੱਕ ਉੱਚ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਲਵਾਸਾ ਦੀ ਅਸਹਿਮਤੀ ਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਗ਼ੈਰਜ਼ਰੂਰੀ ਰੂਪ ਨਾਲ ਤੂਲ ਦਿੱਤਾ ਗਿਆ ਹੈ। ਇਹ ਕਮਿਸ਼ਨ ਦਾ ਅੰਦਰੂਨੀ ਮਾਮਲਾ ਹੈ ਅਤੇ ਅਸਹਿਮਤੀ ਨੂੰ ਦੂਰ ਕਰਨ ਲਈ 21 ਮਈ ਨੂੰ ਕਮਿਸ਼ਨ ਦੀ ਬੈਠਕ ਬੁਲਾਈ ਗਈ ਹੈ।
ਉਨ੍ਹਾਂ ਨੇ ਅਰੋੜਾ ਦੇ ਸਪੱਸ਼ਟੀਕਰਨ ਦੇ ਹਵਾਲੇ ਨਾਲ ਕਿਹਾ ਕਿ ਖਾਸ ਕਰਕੇ ਕੇ ਚੋਣ ਕਮਿਸ਼ਨਰਾਂ ਵਿੱਚ ਅਸਹਿਮਤੀ ਹੋਣਾ ਸਹਜ, ਸੁਭਾਵਿਕ ਅਤੇ ਆਮ ਸਥਿਤੀ ਹੈ। ਇਸ ਵਿੱਚ ਵਿਵਾਦ ਵਰਗੀ ਕੋਈ ਗੱਲ ਨਹੀਂ ਹੈ।
ਦੱਸਣਯੋਗ ਹੈ ਕਿ ਅਰੋੜਾ ਨੇ ਸ਼ਨਿੱਚਰਵਾਰ 18 ਮਈ ਨੂੰ ਜਾਰੀ ਸਪੱਸ਼ਟੀਕਰਨ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨਾਲ ਜੁੜੀਆਂ ਮੀਟਿੰਗਾਂ ਤੋਂ ਲਵਾਸਾ ਵਲੋਂ ਖੁਦ ਨੂੰ ਵੱਖ ਕਰਨ ਸਬੰਧੀ ਮੀਡੀਆ ਰਿਪੋਰਟਾਂ ਨੂੰ ਨਾਖੁਸ਼ਗਵਾਰ ਦੱਸਿਆ ਸੀ। ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਤਰ੍ਹਾਂ ਦੀਆਂ ਰਿਪੋਰਟਾਂ ਤੋਂ ਬਚਿਆ ਜਾਣਾ ਚਾਹੀਦਾ ਹੈ।