ਭਾਰਤ ਨੇ ਸੋਮਵਾਰ ਵੱਡੇ ਤੜਕੇ 2:15 ਵਜੇ ਹੋਣ ਵਾਲੀ ਚੰਦਰਯਾਨ–2 ਦੀ ਲਾਂਚਿੰਗ ਨੂੰ ਕਿਸੇ ਤਕਨੀਕੀ ਨੁਕਸ ਕਾਰਨ ਹਾਲ ਦੀ ਘੜੀ ਟਾਲ਼ ਦਿੱਤਾ ਹੈ ਜਿਸ ਤੋਂ ਬਾਅਦ ਇਥੇ ਲਾਂਚਿੰਗ ਵੇਖਣ ਆਏ ਲੋਕਾਂ ਨੂੰ ਨਿਰਾਸ਼ਾ ਹੋਈ। ਰਾਤ 1 ਵਜ ਕੇ 55 ਮਿੰਟ ਉੱਤੇ ਲਾਂਚਿੰਗ ਰੋਕਣ ਦੀ ਜਾਣਕਾਰੀ ਦਿੱਤੀ ਗਈ। ਕਈ ਮਿੰਟਾਂ ਤੱਕ ਲੋਕਾਂ ਵਿੱਚ ਗੁੱਸੇ ਸੀ। ਇਸ ਤੋਂ ਬਾਅਦ ਪੁਲਾੜ ਖੋਜ ਸੰਗਠਨ (ISRO - ਇਸਰੋ) ਨੇ ਆਪਣੇ ਇੱਕ ਟਵੀਟ ਰਾਹੀਂ ਇਸ ਦੀ ਪੁਸ਼ਟੀ ਕਰ ਦਿੱਤੀ।
ਇਸਰੋ ਨੇ ਲਿਖਿਆ ਕਿ ਲਾਂਚਿੰਗ ਵਾਹਨ ਵਿੱਚ ਟੀ–56 ਮਿੰਟ ਉੱਤੇ ਤਕਨੀਕੀ ਨੁਕਸ ਦਿਸਿਆ। ਇਸ ਲਈ ਸਾਵਧਾਨੀ ਵਜੋਂ ਚੰਦਰਯਾਨ–2 ਦੀ ਲਾਂਚਿੰਗ ਅੱਜ ਲਈ ਟਾਲ਼ ਦਿੱਤੀ ਗਈ ਹੈ। ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਲੋਕ ਇਸਰੋ ਲਾਂਚਿੰਗ ਨੂੰ ਵੇਖਣ ਆਏ ਸਨ ਪਰ ਜਦੋਂ ਘੜੀ ਦੀ ਸੂਈ ਅੱਗੇ ਨਹੀਂ ਵਧੀ ਅਤੇ ਲਾਂਚਿੰਗ ਰੋਕ ਦੇਣ ਦਾ ਐਲਾਨ ਹੋਇਆ ਤਾਂ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ ਪਰ ਤੇਜ਼ ਐਕਵਿਟੀ ਅਤੇ ਸਹੀ ਸਮੇਂ ਉੱਤੇ ਫੈਸਲਾ ਲੈਣ ਕਾਰਨ ਇਸਰੋ ਦੀ ਜੰਮ ਕੇ ਤਾਰੀਫ਼ ਹੋ ਰਹੀ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦਾ ਮੂਨ–ਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਲਾਂਚਿੰਗ ਵਾਲੀ ਥਾਂ ਉੱਤੇ ਮੌਜੂਦ ਸਨ। ਕਈ ਵਿਗਿਆਨਕਾਂ ਅਤੇ ਮਾਹਰਾਂ ਨੇ ਕਿਹਾ ਹੈ ਕਿ ਲਾਂਚਿੰਗ ਰੋਕਣ ਹੋਣ ਨਾਲ ਧੋੜੀ ਨਿਰਾਸ਼ਾ ਹੋਈ ਹੈ ਪਰ ਸਮੇਂ ਰਹਿੰਦੇ ਸਮੇਂ ਤਕਨੀਕੀ ਖਾਮੀ ਦਾ ਪਤਾ ਲੱਗਣਾ ਚੰਗੀ ਗੱਲ ਹੈ। ਉਨ੍ਹਾਂ ਨੇ ਲਾਂਚਿੰਗ ਦੀ ਨਵੀਂ ਮਿਤੀ ਦੇ ਛੇਤੀ ਐਲਾਨ ਹੋਣ ਦੀ ਉਮੀਦ ਕੀਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੱਲ੍ਹ ਵਿਦੇਸ਼ੀ ਮੀਡੀਆ ਨੇ ਭਾਰਤ ਦੇ ਦੂਜੇ ਮੂਨ–ਮਿਸ਼ਨ (ਚੰਨ–ਮੁਹਿੰਮ) ਚੰਦਰਯਾਨ–2 ਨੂੰ ਹਾਲੀਵੁੱਡ ਦੀ ਫ਼ਿਲਮ ‘ਏਵੇਂਜਰਸ ਐਂਡਗੇਮ’ ਤੋਂ ਘੱਟ ਖ਼ਰਚੀਲਾ ਦੱਸਿਆ ਸੀ। ਵਿਦੇਸ਼ੀ ਮੀਡੀਆ ਤੇ ਵਿਗਿਆਨਕ ਅਖ਼ਬਾਰਾਂ ਨੇ ਚੰਦਰਯਾਨ–2 ਦੀ ਲਾਗਤ ਨੂੰ ਇਸ ਫ਼ਿਲਮ ਨੂੰ ਬਣਾਉਣ ’ਤੇ ਹੋਏ ਖ਼ਰਚੇ ਤੋਂ ਵੀ ਘੱਟ ਦੱਸਿਆ ਸੀ।
ਇੰਝ ਦੁਨੀਆ ਭਰ ਦੀਆਂ ਨਜ਼ਰਾਂ ਹੁਣ ਭਾਰਤ ਦੇ ਵੱਕਾਰੀ ਚੰਦਰਯਾਨ–2 ਉੱਤੇ ਲੱਗੀਆਂ ਹੋਈਆਂ ਹਨ। ਇਹ ਉਪਗ੍ਰਹਿ ਐਤਵਾਰ–ਸੋਮਵਾਰ ਦੀ ਰਾਤ ਨੂੰ ਪੁਲਾੜ ਵਿੱਚ ਭੇਜਿਆ ਜਾਣਾ ਸੀ। ਇਸ ਨੂੰ ਭੇਜਣ ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਗਈ ਸੀ।