ਭਾਰਤ ਦੇ ਕਈ ਹਿੱਸਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਘਰ–ਵਾਪਸੀ ਜਾਰੀ ਹੈ। ਪਰ ਇਸ ਦੌਰਾਨ ਵੱਖੋ–ਵੱਖਰੇ ਸ਼ਹਿਰਾਂ ਤੋਂ ਮਜ਼ਦੂਰਾਂ ਅਤੇ ਫ਼ੈਕਟਰੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵਿਰੋਧ ਪ੍ਰਦਰਸ਼ਨ ਦੀਆਂ ਘਟਨਾਵਾਂ ਵੀ ਖੂਬ ਸਾਹਮਣੇ ਆ ਰਹੀਆਂ ਹਨ।
ਮਥੁਰਾ ’ਚ ਯਮੁਨਾ ਐਕਸਪ੍ਰੈੱਸਵੇਅ ਉੱਤੇ ਰੋਕੇ ਜਾਣ ਤੋਂ ਬਾਅਦ ਮਜ਼ਦੂਰਾਂ ਨੇ ਪੂਰਾ ਹਾਈਵੇਅ ਹੀ ਜਾਮ ਕਰ ਦਿੱਤਾ। ‘ਇੰਡੀਆ ਟੂਡੇ’ ਗਰੁੱਪ ਅਤੇ ਟੀਵੀ ਚੈਨਲ ‘ਆਜ ਤੱਕ’ ਨੇ ਇਹ ਖ਼ਬਰ ਬਹੁਤ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀ ਹੈ।
ਪੰਜਾਬ ਦੇ ਸੰਗਰੂਰ ਸ਼ਹਿਰ ਵਿੱਚ ਤਨਖਾਹ ਅਤੇ ਜਬਰੀ ਕੰਮ ਕਰਵਾਉਣ ਨੂੰ ਲੈ ਕੇ ਮਿੱਲ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ ਤੇ ਉੱਧਰ ਰਾਜਸਥਾਨ ਦੇ ਅਲਵਰ ’ਚ ਤਨਖਾਹ ਨਾ ਮਿਲਣ ਕਾਰਨ ਸੜਕ ਉੱਤੇ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਸੰਗਰੂਰ ਦੀ ਇੱਕ ਨਿਜੀ ਮਿਲ ਦੇ ਮਜ਼ਦੂਰਾਂ ਨੇ ਵੀਰਵਾਰ ਨੂੰ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਬਾਹਰ ਦੇ ਮੁਕਾਬਲੇ ਮਿੱਲ ਅੰਦਰ ਰਾਸ਼ਨ ਦੇ ਰੇਟ ਜ਼ਿਆਦਾ ਦਿੱਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਚਾਰ ਦਿਨ ਪਹਿਲਾਂ ਮਜ਼ਦੂਰ ਪ੍ਰਦਰਸ਼ਨ ਕਰ ਚੁੱਕੇ ਹਨ।
ਅਲਵਰ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਮੁਕੱਦਮਾ ਦਰਜ ਕਰਨ ਦੀ ਧਮਕੀ ਵੀ ਦਿੱਤੀ। ਰਾਜਸਥਾਨ ਦੇ ਭੀਲਵਾੜਾ ’ਚ ਵੀ ਤਨਖਾਹ ਰੋਕਣ ਤੋਂ ਬਾਅਦ ਸੜਕ ਉੱਤੇ ਮਜ਼ਦੂਰਾਂ ਨੇ ਹੰਗਾਮਾ ਕੀਤਾ।
ਵੀਰਵਾਰ ਨੂੰ ਕੁਝ ਮਜ਼ਦੂਰ ਆਪਣੀਆਂ ਸਾਇਕਲਾਂ ਰਾਹੀਂ ਆਪਣੇ ਘਰਾਂ ਨੂੰ ਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਆਗਰਾ–ਮਥੁਰਾ ਬਾਰਡਰ ਉੱਤੇ ਰੋਕ ਦਿੱਤਾ। ਇਸ ਤੋਂ ਨਾਰਾਜ਼ ਮਜ਼ਦੂਰਾਂ ਨੇ ਯਮੁਨਾ ਐਕਸਪ੍ਰੈੱਸ ਹਾਈਵੇਅ ਉਤੇ ਜਾਮ ਲਾ ਦਿੱਤਾ। ਇਹ ਮਜ਼ਦੂਰ ਨੌਇਡਾ ਤੋਂ ਮੱਧ ਪ੍ਰਦੇਸ਼ ਤੇ ਹੋਰ ਸਥਾਨਾਂ ’ਤੇ ਜਾ ਰਹੇ ਸਨ।
ਜਾਮ ਲੱਗਣ ਕਾਰਨ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਤੇ ਉਨ੍ਹਾਂ ਲਈ ਤੁਰੰਤ ਟਰੱਕਾਂ ਤੇ ਬੱਸਾਂ ਦਾ ਇੰਤਜ਼ਾਮ ਕਰ ਕੇ ਉਨ੍ਹਾਂ ਨੂੰ ਰਵਾਨਾ ਕੀਤਾ ਗਿਆ।