ਅਹਿਮਦਾਬਾਦ ਤੋਂ ਮੁੰਬਈ ਤੱਕ ਚੱਲਣ ਵਾਲੀ ਤੇਜਸ ਐਕਸਪ੍ਰੈੱਸ ਦੇ ਦੇਰੀ ਨਾਲ ਪੁੱਜਣ ਕਾਰਨ ਹਰੇਕ ਯਾਤਰੀ ਨੂੰ 100–100 ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਇਸ ਗੱਡੀ ਦੇ ਸੰਚਾਲਕ IRCTC ਨੇ ਦੱਸਿਆ ਕਿ ਇਸ ਰੇਲ ਦੇ 630 ਯਾਤਰੀਆਂ ਨੂੰ 100–100 ਰੁਪਏ ਮਿਲਣਗੇ ਭਾਵ ਕੁੱਲ 63,000 ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ।
ਅਹਿਮਦਾਬਾਦ–ਮੁੰਬਈ ਵਿਚਾਲੇ ਇਸ ਰੇਲ–ਗੱਡੀ ਦੀ ਸ਼ੁਰੂਆਤ ਹਾਲੇ ਬੀਤੀ 19 ਜਨਵਰੀ ਨੂੰ ਹੀ ਹੋਈ ਹੈ। ਇਹ ਰੇਲ–ਗੱਡੀ ਕੱਲ੍ਹ ਮੁੰਬਈ ਸੈਂਟਰਲ ਸਟੇਸ਼ਨ ਉੱਤੇ ਡੇਢ ਘੰਟਾ ਦੇਰੀ ਨਾਲ ਪੁੱਜੀ ਸੀ। IRCTC ਦੇ ਬੁਲਾਰੇ ਨੇ ਕਿਹਾ ਕਿ ਯਾਤਰੀ ਸਾਡੀ ਰੀਫ਼ੰਡ ਪਾਲਿਸੀ ਅਧੀਨ ਅਰਜ਼ੀ ਦੇਣੀ ਪਵੇਗੀ। ਫਿਰ ਯਾਤਰੀ ਦੀ ਵੈਰੀਫ਼ਿਕੇਸ਼ਨ ਹੋਵੇਗੀ ਤੇ ਤਦ ਰੀਫ਼ੰਡ ਦਿੱਤਾ ਜਾਵੇਗਾ।
ਰੇਲ ਅਧਿਕਾਰੀਆਂ ਅਨੁਸਾਰ ਤੇਜਸ ਅਹਿਮਦਾਬਾਦ ਤੋਂ ਦੋ ਮਿੰਟਾਂ ਦੀ ਦੇਰੀ ਨਾਲ ਸਵੇਰੇ 6:42 ਵਜੇ ਰਵਾਨਾ ਹੋਈ ਸੀ। ਇਸ ਤੋਂ ਬਾਅਦ ਉਹ ਮੁੰਬਈ ਸੈਂਟਰਲ ਦੁਪਹਿਰ 2:36 ਵਜੇ ਪੁੱਜੀ ਸੀ; ਜਦ ਕਿ ਉਸ ਨੇ ਦੁਪਹਿਰ 1:10 ਵਜੇ ਪੁੱਜਣਾ ਸੀ। ਤੇਜਸ ਐਕਸਪ੍ਰੈੱਸ ਤੇ ਕੁਝ ਹੋਰ ਰੇਲ ਗੱਡੀਆਂ ਨੂੰ ਮੁੰਬਈ ਦੇ ਬਾਹਰੀ ਇਲਾਕੇ ’ਚ ਭਯੰਦਰ ਤੇ ਦਹਿਸਰ ਸਟੇਸ਼ਨਾਂ ਵਿਚਾਲੇ ਤਕਨੀਕੀ ਸਮੱਸਿਆ ਕਾਰਨ ਰੋਕਿਆ ਗਿਆ ਸੀ।
IRCTC ਦੇ ਬੁਲਾਰੇ ਨੇ ਦੱਸਿਆ ਕਿ ਜੇ ਤੇਜਸ ਰੇਲ–ਗੱਡੀ ਇੱਕ ਘੰਟੇ ਤੋਂ ਵੱਧ ਲੇਟ ਹੁੰਦੀ ਹੈ, ਤਾਂ ਹਰੇਕ ਯਾਤਰੀ ਨੂੰ 100–100 ਰੁਪਏ ਦਿੱਤੇ ਜਾਂਦੇ ਹਨ ਤੇ ਜੇ ਰੇਲ–ਗੱਡੀ ਦੋ ਘੰਟੇ ਦੇਰੀ ਨਾਲ ਪੁੱਜੀ ਹੋਵੇ, ਤਾਂ 250 ਰੁਪਏ ਮਿਲਦੇ ਹਨ।
ਕੰਪਨੀ ਨੇ ਦੰਸਿਆ ਕਿ ਯਾਤਰੀ 1800 266 5844 ਉੱਤੇ ਕਾੱਲ ਕਰ ਸਕਦੇ ਹਨ ਜਾਂ irctcclaims@libertyinsurance.in ਉੱਤੇ ਈਮੇਲ ਕਰ ਕੇ ਆਪਣਾ ਕਲੇਮ ਲੈ ਸਕਦੇ ਹਨ।