ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਵਿਰੋਧੀ ਪ੍ਰਦਰਸ਼ਨਾਂ ਕਾਰਨ ਅਹਿਮਦੀਆ ਮੁਸਲਮਾਨਾਂ ਦਾ ਸਾਲਾਨਾ ਕਾਦੀਆਂ ਜਲਸਾ ਮੁਲਤਵੀ

CAA ਵਿਰੋਧੀ ਪ੍ਰਦਰਸ਼ਨਾਂ ਕਾਰਨ ਅਹਿਮਦੀਆ ਮੁਸਲਮਾਨਾਂ ਦਾ ਸਾਲਾਨਾ ਕਾਦੀਆਂ ਜਲਸਾ ਮੁਲਤਵੀ

ਅਹਿਮਦੀਆ ਮੁਸਲਿਮ ਜਮਾਤ ਨੂੰ ਪਾਕਿਸਤਾਨ ’ਚ ਬਹੁ–ਗਿਣਤੀ ਸੁੰਨੀ ਮੁਸਲਿਮ ਭਾਈਚਾਰਾ ਮੁਸਲਮਾਨ ਹੀ ਨਹੀਂ ਮੰਨਿਆ ਜਾਂਦਾ। ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ’ਚ ਹਰ ਸਾਲ ਹੋਣ ਵਾਲਾ ਸਾਲਾਨਾ ਜਲਸਾ ਮੁਲਤਵੀ ਕਰਾਰ ਦਿੱਤਾ ਗਿਆ ਹੈ। ਇਸ ਸਾਲ 126ਵਾਂ ਜਲਸਾ ਹੋਣਾ ਸੀ। ਅਜਿਹਾ ਭਾਰਤ ’ਚ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਚੱਲ ਰਹੇ ਰੋਸ ਮੁਜ਼ਾਹਰਿਆਂ ਕਾਰਨ ਕਰਨਾ ਪਿਆ ਹੈ।

 

 

ਅਹਿਮਦੀਆ ਜਮਾਤ ਦਾ ਸਾਲਾਨਾ ਜਲਸਾ ਆਉਂਦੀ 27 ਤੋਂ 28 ਦਸੰਬਰ ਨੂੰ ਹੋਣਾ ਤੈਅ ਸੀ। ਇੱਥੇ ਹਰ ਸਾਲ ਦੇਸ਼–ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੇ ਮੈਂਬਰ ਪੁੱਜਦੇ ਹਨ।

 

 

ਕਾਦੀਆਂ ਵਿਖੇ ਸਥਿਤ ਅਹਿਮਦੀਆ ਜਮਾਤ ਦੇ ਬੁਲਾਰੇ ਕੇ. ਤਾਰਿਕ ਨੇ ਦੱਸਿਆ ਕਿ ਇਹ ਸਾਲਾਨਾ ਜਲਸਾ ਮੁਲਤਵੀ ਕਰਨ ਦਾ ਫ਼ੈਸਲਾ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਇੱਥੇ ਵਰਨਣਯੋਗ ਹੈ ਕਿ 1974 ’ਚ ਪਾਕਿਸਤਾਨ ਦੀ ਉਦੋਂ ਦੀ ਜ਼ੁਲਫ਼ਿਕਾਰ ਅਲੀ ਭੁੱਟੋ ਸਰਕਾਰ ਨੇ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਦੂਜੀ ਸੋਧ ਕਰ ਕੇ ਅਹਿਮਦੀਆ ਭਾਈਚਾਰੇ ਨੂੰ ‘ਗ਼ੈਰ–ਮੁਸਲਿਮ’ ਕਰਾਰ ਦੇ ਦਿੱਤਾ ਸੀ।

 

 

ਇਸ ਭਾਈਚਾਰੇ ਦੀ ਸਥਾਪਨਾ ਕਾਦੀਆਂ ਦੇ ਜੰਮਪਲ਼ ਮਿਰਜ਼ਾ ਗ਼ੁਲਾਮ ਅਹਿਮਦ ਵੱਲੋਂ ਕੀਤੀ ਗਈ ਸੀ। ਸ੍ਰੀ ਤਾਰਿਕ ਨੇ ਦੱਸਿਆ ਕਿ ਦੇਸ਼ ਵਿੱਚ ਇਸ ਮਾਹੌਲ ਸਥਿਰ ਨਹੀਂ ਹੈ। ਬਹੁਤ ਸਾਰੇ ਮਹਿਮਾਨਾਂ ਨੇ ਉੱਤਰ ਪ੍ਰਦੇਸ਼ ਤੋਂ ਰੇਲ–ਗੱਡੀਆਂ ਰਾਹੀਂ ਆਉਣਾ ਹੁੰਦਾ ਹੈ; ਪਰ ਇਸ ਵੇਲੇ ਮਾਹੌਲ ਹਰ ਪਾਸੇ ਖ਼ਰਾਬ ਚੱਲ ਰਿਹਾ ਹੈ। ਇਸੇ ਲਈ ਸਾਲਾਨਾ ਜਲਸਾ ਮੁਲਤਵੀ ਕੀਤਾ ਗਿਆ ਹੈ।

 

 

ਵਿਦੇਸ਼ਾਂ ਤੋਂ ਇਸ ਸਾਲਾਨਾ ਜਲਸੇ ਵਿੱਚ ਸ਼ਿਰਕਤ ਕਰਨ ਲਈ ਆਉਣ ਵਾਲੇ ਮੈਂਬਰਾਂ ਨੂੰ ਵੀ ਮਨ੍ਹਾ ਕਰ ਦਿੱਤਾ ਗਿਆ ਹੈ। ਇਸ ਸਾਲਾਨਾ ਜਲਸੇ ਦੀ ਨਵੀਂ ਤਰੀਕ ਬਾਰੇ ਫ਼ੈਸਲਾ ਇੱਕ ਜਾਂ ਦੋ ਮਹੀਨਿਆਂ ਬਾਅਦ ਲਿਆ ਜਾਵੇਗਾ।

 

 

ਨਵਾਂ ਨਾਗਰਿਕਤਾ ਸੋਧ ਕਾਨੂੰਨ (CAA) ਲਾਗੂ ਹੋਣ ਤੋਂ ਬਾਅਦ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ’ਚ ਤਸ਼ੱਦਦ ਦੇ ਸ਼ਿਕਾਰ ਹੋਣ ਵਾਲੇ ਮੁਸਲਮਾਨਾਂ ਨੂੰ ਹੁਣ ਭਾਰਤ ਦੀ ਨਾਗਰਿਕਤਾ ਨਹੀਂ ਮਿਲ ਸਕੇਗੀ।

 

 

ਰਾਜ ਸਭਾ ’ਚ ਕਾਂਗਰਸ ਦੇ ਐੱਮਪੀ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਦਿਨ ਪਹਿਲਾਂ ਇਹ ਮੁੱਦਾ ਚੁੱਕਿਆ ਸੀ ਕਿ ਅਹਿਮਦੀਆ ਭਾਈਚਾਰੇ ਨੂੰ CAA ਵਿੱਚ ਸ਼ਾਮਲ ਕੀਤਾ ਜਾਵੇ ਕਿਉਂਕਿ ਪਾਕਿਸਤਾਨ ’ਚ ਰਹਿੰਦੇ ਇਸ ਜਮਾਤ ਦੇ ਮੈਂਬਰਾਂ ਨੂੰ ਅਕਸਰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ahmedia Muslims Annual Qadian Jalsa postponed due to CAA Protests