ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਬਿਨਾਂ ਆਗਿਆ ਮੀਡੀਆ ਨਾਲ ਗੱਲਬਾਤ ਨਾ ਕਰਨ ਦੀ ਅਪੀਲ ਕੀਤੀ ਹੈ। ਇੱਕ ਪ੍ਰੈੱਸ ਰਿਲੀਜ਼ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਭਾਸ਼ਾ ਅਨੁਸਾਰ, ਕੰਪਨੀ ਨੇ 30 ਅਪ੍ਰੈਲ ਨੂੰ ਕਿਹਾ ਸੀ ਕਿ ਅਜਿਹਾ ਵੇਖਿਆ ਗਿਆ ਹੈ ਕਿ ਕਰਮਚਾਰੀਆਂ ਨੇ ਮੀਡੀਆ ਨਾਲ ਗੱਲਾਂ ਕੀਤੀਆਂ ਹਨ ਜਾਂ ਜੈਟ ਏਅਰਵੇਜ਼ ਦੀ ਪੋਸ਼ਾਕ ਵਿੱਚ ਵੀਡੀਓ ਪੋਸਟ ਕੀਤੇ ਹਨ। ਇਲੈਕਟ੍ਰੋਨਿਕ ਜਾਂ ਸੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਨਾਲ ਰਖੇ ਗਏ ਵਿਚਾਰਾਂ ਨਾਲ ਕੰਪਨੀ ਦਾ ਅਕਸ ਖ਼ਰਾਬ ਹੋ ਰਿਹਾ ਹੈ, ਜਦਕਿ ਅਜਿਹਾ ਕਰਨ ਤੋਂ ਪਹਿਲਾਂ ਵੀ ਰੋਕਿਆ ਜਾ ਚੁੱਕਾ ਹੈ।
ਕੰਪਨੀ ਨੇ ਕਿਹਾ ਕਿ ਇਹ ਮੁੜ ਤੋਂ ਦੁਹਰਾਇਆ ਜਾਂਦਾ ਹੈ ਕਿ ਕੋਈ ਵੀ ਕਰਮਚਾਰੀ ਨਿੱਜੀ ਅਧਿਕਾਰ ਨਾਲ ਜਾਂ ਕਿਸੇ ਸਮੂਹ ਜਾਂ ਸੰਗਠਨ ਦੇ ਨੁਮਾਇੰਦੇ ਦੇ ਤੌਰ ਉਤੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਦੀ ਬਿਨਾਂ ਮਨਜ਼ੂਰੀ ਦੇ ਪ੍ਰਿੰਟ, ਇਲੈਕਟ੍ਰੋਨਿਕ ਜਾਂ ਸੋਸ਼ਲ ਮੀਡੀਆ ਵਿੱਚ ਕੰਪਨੀ ਨਾਲ ਸਬੰਧਤ ਕੋਈ ਬਿਆਨ ਜਾਰੀ ਨਹੀਂ ਕਰੇਗਾ।
ਜਾਰੀ ਪ੍ਰੈੱਸ ਰਿਲੀਜ਼ ਵਿੱਚ ਕੰਪਨੀ ਦੀ ਨਿਰਦੇਸ਼ਕ (ਕਰਮਚਾਰੀ) ਅੰਮ੍ਰਿਤਾ ਸ਼ਰਣ ਦੇ ਦਸਤਖ਼ਤ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਸੀਐਮਡੀ ਨੂੰ ਆਗਿਆ ਲਈ ਅਰਜ਼ੀ ਦੇਣੀ ਹੋਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਹੁਕਮ ਦੇ ਕਿਸੇ ਵੀ ਉਲੰਘਣ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਲੰਘਣ ਕਰਨ ਵਾਲੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।