ਸੁਪਰੀਮ ਕੋਰਟ ਨੇ ਕੇ਼ਦਰ ਸਰਕਾਰ ਨੂੰ ਕਿਹਾ ਹੈ ਕਿ ਪ੍ਰਦੂਸ਼ਣ ਦੇ ਸੰਕਟ ਨਾਲ ਨਿਪਟਣ ਲਈ ਦਿੱਲੀ ਵਿੱਚ ਹਵਾ ਨੂੰ ਸ਼ੁੱਧ ਕਰਨ ਲਈ ‘ਏਅਰ ਪਿਓਰੀਫ਼ਾਇਰ ਟਾਵਰ’ ਲਾਉਣ ਲਈ ਇੱਕ ਖ਼ਾਕਾ ਤਿਆਰ ਕੀਤਾ ਜਾਵੇ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਅੱਜ ਦਿੱਲੀ ਵਿੱਚ AQI ਪੱਧਰ ਲਗਭਗ 600 ਹੈ; ਇੰਝ ਲੋਕ ਸਾਹ ਕਿਵੇਂ ਲੈਣਗੇ?
ਇਸ ਦੌਰਾਨ ਦਿੱਲੀ ਸ਼ੁੱਕਰਵਾਰ ਨੂੰ ਧੁੰਦ ਦੀ ਮੋਟੀ ਚਾਦਰ ਵਿੱਚ ਲਿਪਟੀ ਰਹੀ ਤੇ ਲਗਾਤਾਰ ਚੌਥੇ ਦਿਨ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਵਰਗ ਵਿੱਚ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਹਵਾ ਦੀ ਹੌਲੀ ਰਫ਼ਤਾਰ ਵੀ ਪ੍ਰਦੂਸ਼ਣ ਵਧਣ ਦਾ ਇੱਕ ਕਾਰਨ ਹੈ ਕਿਉਂਕਿ ਇਸ ਕਾਰਨ ਪ੍ਰਦੁਸ਼ਕ ਤੱਤ ਇੱਕੋ ਸਥਾਨ ’ਤੇ ਰੁਕੇ ਰਹਿੰਦੇ ਹਨ ਤੇ ਉੱਥੋਂ ਉਹ ਖਿੰਡਦੇ ਨਹੀਂ।
ਦਿੱਲੀ ਵਿੱਚ ਸ਼ੁੱਕਰਵਾਰ ਸਵੇਰੇ 10 ਵਜੇ AQI ਭਾਵ ਹਵਾ ਦੇ ਮਿਆਰ ਦਾ ਸੂਚਕ–ਅੰਕ 467 ਦਰਜ ਕੀਤਾ ਗਿਆ; ਜੋ ‘ਗੰਭੀਰ’ ਦੇ ਦਰਜੇ ਵਿੱਚ ਆਉਂਦਾ ਹੈ।
ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (CPCB) ਅਨੁਸਾਰ ਸਾਰੇ ਨਿਗਰਾਨੀ ਕੇਂਦਰਾਂ ਉੱਤੇ ਹਵਾ ਦਾ ਮਿਆਰ ਗੰਭੀਰ‘ ਵਰਗ ਵਿੱਚ ਪਾਇਆ ਗਿਆ। ਅਨੇਕ ਥਾਵਾਂ ਉੱਤੇ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ ਆਮ ਨਾਲ 8 ਗੁਣਾ ਵੱਧ ਸੀ।
ਦਿੱਲੀ ਤੇ NCR ਵਿੱਚ ਪ੍ਰਦੂਸ਼ਣ ਕਾਰਨ ਛਾਈ ਧੁੰਦ ਨੂੰ ਵੇਖਦਿਆਂ ਸਕੂਲ ਸ਼ੁੱਕਰਵਾਰ ਨੂੰ ਵੀ ਬੰਦ ਰਹੇ। CPCB ਮੁਤਾਬਕ ਦਿੱਲੀ, ਨੋਇਡਾ, ਫ਼ਰੀਦਾਬਾਦ, ਗੁੜਗਾਓਂ ਤੇ ਗ਼ਾਜ਼ੀਆਬਾਦ ’ਚ ਹਵਾ ਦਾ ਮਿਆਰ ਗੰਭੀਰ ਵਰਗ ਵਿੱਚ ਬਣਿਆ ਰਿਹਾ।
ਗ਼ਾਜ਼ੀਆ ਬਾਦ ’ਚ ਹਵਾ ਦਾ ਮਿਆਰ ਸਭ ਤੋਂ ਵੱਧ 480 ਦਰਜ ਕੀਤਾ ਗਿਆ।