ਸ੍ਰੀ ਅਜੀਤ ਡੋਵਾਲ ਭਾਰਤ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA – ਨੈਸ਼ਨਲ ਸਕਿਓਰਿਟੀ ਐਡਵਾਈਜ਼ਰ) ਬਣੇ ਰਹਿਣਗੇ। ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਵਧੀਆ ਯੋਗਦਾਨ ਕਾਰਨ ਉਨ੍ਹਾਂ ਨੂੰ ਹੁਣ ਕੈਬਿਨੇਟ ਰੈਂਕ ਦਿੱਤਾ ਗਿਆ ਹੈ।
ਸ੍ਰੀ ਅਜੀਤ ਡੋਵਾਲ ਨੂੰ 30 ਮਈ, 2014 ਨੂੰ ਪ੍ਰਧਾਨ ਮੰਤਰੀ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਹ 1968 ਬੈਚ ਦੇ ਕੇਰਲ ਕਾਡਰ ਦੇ ਆਈਪੀਐੱਸ ਅਧਿਕਾਰੀ ਹਨ, ਜੋ ਸਾਲ 2005 ਦੌਰਾਨ ਇੰਟੈਲੀਜੈਂਸ ਬਿਊਰੋ (IB) ਦੇ ਡਾਇਰੈਕਟਰ ਵਜੋਂ ਸੇਵਾ–ਮੁਕਤ ਹੋਏ ਸਨ।
ਸ੍ਰੀ ਡੋਵਾਲ ਇੱਕ ਰਣਨੀਤਕ ਚਿੰਤਕ ਹਨ। ਉਹ ਦੇਸ਼ ਦੇ ਇੱਕੋ–ਇੱਕ ਅਜਿਹੇ ਪੁਲਿਸ ਅਧਿਕਾਰੀ ਹਨ, ਜਿਨ੍ਹਾਂ ਨੂੰ ਕੀਰਤੀ ਚੱਕਰ ਮਿਲਟਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਮਿਜ਼ੋਰਮ, ਪੰਜਾਬ, ਪਾਕਿਸਤਾਨ ਤੇ ਇੰਗਲੈਂਡ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ।
ਸ੍ਰੀ ਅਜੀਤ ਡੋਵਾਲ ਦਾ ਜਨਮ 1945 ’ਚ ਪੌੜੀ ਗੜ੍ਹਵਾਲ ਦੇ ਪਿੰਡ ਗ਼ਿਰੀ ਬਨੇਲਸਿਉਂ ਦੇ ਇੱਕ ਗੜ੍ਹਵਾਲੀ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੇਜਰ ਜੀਐੱਨ ਡੋਵਾਲ ਭਾਰਤੀ ਥਲ ਸੈਨਾ ਦੇ ਇੱਕ ਅਧਿਕਾਰੀ ਸਨ।
ਉਹ ਰਾਜਸਥਾਨ ’ਚ ਅਜਮੇਰ ਦੇ ਮਿਲਟਰੀ ਸਕੂਲ ’ਚ ਪੜ੍ਹੇ ਸਨ। ਉਨ੍ਹਾਂ 1967 ’ਚ ਆਗਰਾ ਯੂਨੀਵਰਸਿਟੀ ਤੋਂ ਅਰਕ–ਸ਼ਾਸਤਰ ਵਿਸ਼ੇ ਵਿੱਚ ਪੋਸਟ–ਗ੍ਰੈਜੂਏਸ਼ਨ ਕੀਤੀ ਸੀ।