ਦੇਸ਼ 'ਚ ਇੰਨੀਂ ਦਿਨੀਂ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਨੈਸ਼ਨਲ ਰਜਿਸਟਰ ਆਫ਼ ਸਿਟੀਜ਼ੰਸ (ਐਨਆਰਸੀ) ਅਤੇ ਰਾਸ਼ਟਰੀ ਪਾਪੂਲੇਸ਼ਨ ਰਜਿਸਟਰ (ਐਨਪੀਆਰ) ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਨਪੀਆਰ ਦੇ ਮੁੱਦੇ 'ਤੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਸਮਾਜਵਾਦੀ ਸਟੂਡੈਂਟ ਯੂਨੀਅਨ ਦੀ ਬੈਠਕ ਤੋਂ ਬਾਅਦ ਅਖਿਲੇਸ਼ ਯਾਦਵ ਨੇ ਪੱਤਰਕਾਰ ਸੰਮੇਲਨ 'ਚ ਕਿਹਾ, "ਨਾ ਹੀ ਮੈਂ ਐਨਪੀਆਰ ਫਾਰਮ ਭਰਾਂਗਾ ਅਤੇ ਨਾ ਹੀ ਸਪਾ ਦਾ ਕੋਈ ਕਾਰਕੁਨ ਫਾਰਮ ਭਰੇਗਾ। ਇਹ ਭਾਜਪਾ ਵਾਲੇ ਨਹੀਂ ਤੈਅ ਕਰ ਸਕਦੇ ਕਿ ਅਸੀ ਭਾਰਤੀ ਹਾਂ ਜਾਂ ਨਹੀਂ। ਸਾਨੂੰ ਐਨਪੀਆਰ ਨਹੀਂ ਰੁਜ਼ਗਾਰ ਚਾਹੀਦਾ ਹੈ।"
ਅਖਿਲੇਸ਼ ਨੇ ਕਿਹਾ, "ਅਸੀ ਸਰਕਾਰ ਨੂੰ ਕੋਈ ਦਸਤਾਵੇਜ਼ ਨਹੀਂ ਵਿਖਾਵਾਂਗੇ। ਅਸੀ ਇਸੇ ਦੇਸ਼ ਦੇ ਨਾਗਰਿਕ ਹਾਂ। ਭਾਜਪਾ ਦੇ ਲੋਕ ਬੇਰੁਜ਼ਗਾਰੀ ਅਤੇ ਅਰਥਚਾਰੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਸਭ ਕਰ ਰਹੇ ਹਨ। ਐਨਪੀਆਰ ਅਤੇ ਐਨਆਰਸੀ ਇਸ ਦੇਸ਼ ਦੇ ਗਰੀਬ, ਮੁਸਲਮਾਨ ਅਤੇ ਘੱਟਗਿਣਤੀਆਂ ਦੇ ਵਿਰੁੱਧ ਹੈ।"
ਅਖਿਲੇਸ਼ ਯਾਦਵ ਨੇ ਕਿਹਾ, "ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੀ ਕੁਰਸੀ ਬਚਾਉਣ ਲਈ ਸੂਬੇ 'ਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨਾਂ ਰਾਹੀਂ ਇੱਕ ਭਾਈਚਾਰੇ 'ਤੇ ਜੁਲਮ ਢਹਾ ਰਹੇ ਹਨ। ਯੋਗੀ ਆਦਿੱਤਿਆਨਾਥ ਨੂੰ ਪਤਾ ਹੈ ਕਿ ਭਾਜਪਾ ਦੇ 200 ਵਿਧਾਇਕਾਂ ਨੇ ਵਿਧਾਨ ਸਭਾ 'ਚ ਉਨ੍ਹਾਂ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਸੀ। ਇਸ ਲਈ ਉਹ ਆਪਣੀ ਕੁਰਸੀ ਬਚਾਉਣ ਲਈ ਮੁਸਲਮਾਨਾਂ 'ਤੇ ਜੁਲਮ ਕਰ ਰਹੇ ਹਨ। ਭਾਜਪਾ ਦੇ 300 ਵਿਧਾਇਕ ਯੋਗੀ ਤੋਂ ਨਾਰਾਜ਼ ਹਨ।"