ਝਾਰਖੰਡ ਦੇ ਦਹਿਸ਼ਤਗਰਦੀ ਵਿਰੋਧੀ ਸਕੁਐਡ (ATS) ਓਸਾਮਾ ਬਿਨ ਲਾਦੇਨ ਦੇ ਵਿਸ਼ਵ ਪੱਧਰੀ ਅੱਤਵਾਦੀ ਸੰਗਠਨ ਅਲ–ਕਾਇਦਾ ਦੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਆਪਣੇ ਸਲੀਪਰ–ਸੈੱਲਾਂ ਦੀ ਮਦਦ ਨਾਲ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ ਲਈ ਕਿਸੇ ਵੱਡੀ ਹਿੰਸਕ ਘਟਨਾ ਨੂੰ ਅੰਜਾਮ ਦੇਣ ਦੇ ਚੱਕਰ ਵਿੱਚ ਸੀ।
ਝਾਰਖੰਡ ਏਟੀਸੀ ਹੁਣ ਉਸ ਅੱਤਵਾਦੀ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਅਲ–ਕਾਇਦਾ ਦੇ ਇਸ ਅੱਤਵਾਦੀ ਦਾ ਨਾਂਅ ਮੌਲਾਨਾ ਕਲੀਮੁੱਦੀਨ ਦੱਸਿਆ ਜਾ ਰਿਹਾ ਹੈ। ਉਹ ਝਾਰਖੰਡ ਦੇ ਜ਼ਮਸ਼ੇਦਪੁਰ ’ਚ ਮਾਨਗੋ ਇਲਾਕੇ ਦੇ ਆਜ਼ਾਦਨਗਰ ਥਾਣਾ–ਖੇਤਰ ਵਿੱਚ ਰਹਿੰਦਾ ਰਿਹਾ ਹੈ।
ਕਲੀਮੁੱਦੀਨ ਲੰਮੇ ਸਮੇਂ ਤੋਂ ਅਲ–ਕਾਇਦਾ ਨਾਲ ਜੁੜਿਆ ਹੋਇਆ ਹੈ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਸਾਲ 2016 ਤੋਂ ਇਸ ਅੱਤਵਾਦੀ ਦੀ ਭਾ਼ ਸੀ।
ATS ਨੇ ਅਲ–ਕਾਇਦਾ ਦੇ ਇਸ ਅੱਤਵਾਦੀ ਮੌਲਾਨਾ ਕਲੀਮੁੱਦੀਨ ਨੂੰ ਜਮਸ਼ੇਦਪੁਰ ਤੋਂ ਫੜਿਆ ਹੈ। ਉਹ ਭਾਰਤ ’ਚ ਰਹਿ ਕੇ ਅਲ–ਕਾਇਦਾ ਲਈ ਕੰਮ ਕਰ ਰਿਹਾ ਸੀ। ਪੁਲਿਸ ਸੂਤਰਾਂ ਮੁਤਾਬਕ ਅਲ–ਕਾਇਦਾ ਵਿੱਚ ਉਸ ਦਾ ਅਹੁਦਾ ਕਾਫ਼ੀ ਉੱਚਾ ਸੀ।
ਜਿਸ ਇਲਾਕੇ ਤੋਂ ਕਲੀਮੁੱਦੀਨ ਨੂੰ ਫੜਿਆ ਗਿਆ ਹੈ; ਉਹ ਅੱਤਵਾਦੀਆਂ ਦੀ ਪਨਾਹਗਾਹ ਮੰਨਿਆ ਜਾਂਦਾ ਰਿਹਾ ਹੈ। ਕੋਲਕਾਤਾ ਦੇ ਅਮੈਰਿਕਨ ਸੈਂਟਰ ਉੱਤੇ ਹਮਲਾ ਕਰਨ ਵਾਲਾ ਨੂਰ ਮੁਹੰਮਦ ਵੀ ਇੱਥੋਂ ਹੀ ਫੜਿਆ ਗਿਆ ਸੀ।