ਦਿੱਲੀ ’ਚ ਦਸੰਬਰ 2012 ਦੇ ਬਹੁ–ਚਰਚਿਤ ਸਮੂਹਕ ਬਲਾਤਕਾਰ ਤੇ ਕਤਲ (ਇਸ ਨੂੰ ਨਿਰਭਯਾ ਕੇਸ ਵਜੋਂ ਵੀ ਜਾਣਿਆ ਜਾਂਦਾ ਹੈ) ਕਾਂਡ ਦੇ ਚਾਰ ਦੋਸ਼ੀਆਂ ਨੂੰ ਇੱਕ ਫ਼ਰਵਰੀ ਨੂੰ ਫਾਂਸੀ ਦਿੱਤੀ ਜਾਣੀ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਫਾਂਸੀ ਦੀਆਂ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਹਨ।
ਮੰਗਲਵਾਰ ਨੂੰ ਚਾਰ ਦੋਸ਼ੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਖ਼ਰੀ ਵਾਰ ਮੁਲਾਕਾਤ ਕਰਵਾਈ ਗਈ; ਭਾਵੇਂ ਹਾਲੇ ਵੀ ਚਾਰੇ ਦੋਸ਼ੀ ਕਿਵੇਂ ਨਾ ਕਿਵੇਂ ਫਾਂਸੀ ਤੋਂ ਬਚਣ ਦੇ ਹਰ ਸੰਭਵ ਜਤਨ ਕਰ ਰਹੇ ਹਨ।
ਨਿਰਭਯਾ ਦੇ ਦੋਸ਼ੀ ਮੁਕੇਸ਼ ਸਿੰਘ ਦੀ ਰਹਿਮ ਦੀ ਪਟੀਸ਼ਨ ਭਾਵੇਂ ਰਾਸ਼ਟਰਪਤੀ ਵੱਲੋਂ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਪਰ ਫਿਰ ਵੀ ਉਸ ਨੇ ਰਾਸ਼ਟਰਪਤੀ ਵੱਲੋਂ ਆਪਣੀ ਪਟੀਸ਼ਨ ਰੱਦ ਕੀਤੇ ਜਾਣ ਨੂੰ ਵੀ ਸੁਪਰੀਮ ਕੋਰਟ ’ਚ ਦੋਬਾਰਾ ਚੁਣੌਤੀ ਦੇ ਦਿੱਤੀ ਹੈ।
ਉੱਧਰ ਦੋਸ਼ੀ ਅਕਸ਼ੇ ਨੇ ਮੰਗਲਵਾਰ ਨੁੰ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਇੱਕ ਹੋਰ ਦੋਸ਼ੀ ਵਿਨੇ ਅੱਜ ਰਹਿਮ ਦੀ ਪਟੀਸ਼ਨ ਦਾਇਰ ਕਰੇਗਾ।
ਜੇ ਕੋਈ ਕਾਨੂੰਨੀ ਅੜਿੱਕਾ ਨਾ ਪਿਆ, ਤਾਂ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ 1 ਫ਼ਰਵਰੀ ਨੂੰ ਫਾਂਸੀ ਦੇ ਦਿੱਤੀ ਜਾਵੇਗੀ।
ਚੇਤੇ ਰਹੇ ਕਿ 16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ। ਤਦ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।