ਰਾਜਸਥਾਨ ਸਰਕਾਰ ਨੇ ਅਲਵਰ ਦੇ ਸਮੂਹਿਕ ਬਲਾਤਕਾਰ ਮਾਮਲੇ ਚ ਪੀੜਤ ਔਰਤ ਨੂੰ ਪੁਲਿਸ ਮਹਿਕਮੇ ਚ ਬਤੌਰ ਹੌਲਦਾਰ ਨਿਯੁਕਤ ਕਰ ਦਿੱਤਾ ਹੈ। ਅਲਵਰ ਜ਼ਿਲ੍ਹੇ ਦੇ ਥਾਨਾਗਾਜੀ ਇਲਾਕੇ ਚ ਉਕਤ ਔਰਤ ਉਸ ਦੇ ਪਤੀ ਸਾਹਮਣੇ ਹੀ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਬਣੀ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਇਹ ਮਾਮਲਾ ਦੇਸ਼ ਦੀ ਮੁੱਖ ਸੁਰਖੀਆਂ ਚ ਆ ਗਿਆ ਸੀ।
ਜਾਣਕਾਰੀ ਮੁਤਾਬਕ ਸੂਬੇ ਕੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਉਕਤ ਔਰਤ ਦੀ ਨਿਯੁਕਤੀ ਨੂੰ ਲੈ ਕੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਤੇ ਜਲਦ ਹੀ ਉਸ ਨੂੰ ਨਿਯੁਕਤੀ-ਪੱਤਰ ਸੌਂਪ ਦਿੱਤਾ ਜਾਵੇਗਾ।
ਅਲਵਰ ਪੇਂਡੂ ਇਲਾਕੇ ਦੇ ਪੁਲਿਸ ਅਧਿਕਾਰੀ ਜਗਮੋਹਨ ਸ਼ਰਮਾ ਨੇ ਦਸਿਆ ਕਿ ਸਮੂਹਿਕ ਬਲਾਤਕਾਰ ਪੀੜਤ ਔਰਤ ਨੇ ਵੀਰਵਾਰ ਨੂੰ ਨਿਆਇਕ ਮੈਜਿਸਟ੍ਰੇਟ ਸਾਹਮਣੇ ਸੀਆਰਪੀਸੀ ਦੀ ਧਾਰਾ 164 ਤਹਿਤ ਬਿਆਨ ਦਰਜ ਕਰਵਾਇਆ ਸੀ। ਇਸ ਮਾਮਲੇ ਚ ਪੁਲਿਸ ਨੇ ਸਾਰੇ 6 ਦੋਸ਼ੀਆਂ ਖਿਲਾਫ ਅਲਵਰ ਦੀ ਵਿਸ਼ੇਸ਼ ਜੱਜ ਐਸਸੀ-ਐਸਟੀ ਕੋਰਟ ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਨ੍ਹਾਂ ਚ 5 ਦੋਸ਼ੀ ਸਮੂਹਿਕ ਬਲਾਤਕਾਰ ਦੇ ਹਨ ਜਦਕਿ ਇਕ ਮੁਲਜ਼ਮ ਮੁਕੇਸ਼ ਘਟਨਾ ਦਾ ਵੀਡੀਓ ਵਾਇਰਲ ਕਰਨ ਦਾ ਦੋਸ਼ੀ ਹੈ।
ਦੱਸਣਯੋਗ ਹੈ ਕਿ 26 ਅਪ੍ਰੈਲ 2019 ਨੂੰ ਦੋਸ਼ੀਆਂ ਨੇ ਥਾਨਾਗਾਜੀ-ਅਲਵਾਰ ਰੋਡ ’ਤੇ ਮੋਟਰਸਾਈਕਲ ਤੇ ਜਾ ਰਹੇ ਜੋੜੇ ਨੂੰ ਰੋਕਿਆ ਸੀ ਤੇ ਮੰਗੇ ਗਏ ਪੈਸੇ ਨਾ ਦੇਣ ’ਤੇ ਪਤੀ ਦੀ ਕੁੱਟਮਾਰ ਕਰਕੇ ਔਰਤ ਨਾਲ ਉਸ ਦੇ ਪਤੀ ਸਾਹਮਣੇ ਹੀ ਸਮੂਹਿਕ ਬਲਾਤਕਾਰ ਕੀਤਾ ਸੀ। ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਅਸ਼ੋਕ ਗਿਹਲੋਤ ਨੇ ਪੀੜਤ ਔਰਤ ਨਾਲ ਮੁਲਾਕਾਤ ਕਰਕੇ ਉਸ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ। ਪੁਲਿਸ ਨੇ ਮਾਮਲਾ 2 ਮਈ ਨੂੰ ਦਰਜ ਕੀਤਾ ਸੀ।