ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਯਾਤਰਾ ਹੈਲੀਕਾਪਟਰ ਟਿਕਟ ਘੁਟਾਲਾ, ਜਾਂਚ ਕ੍ਰਾਈਮ ਬ੍ਰਾਂਚ ਹਵਾਲੇ

ਅਮਰਨਾਥ ਯਾਤਰਾ ਹੈਲੀਕਾਪਟਰ ਟਿਕਟ ਘੁਟਾਲਾ, ਜਾਂਚ ਕ੍ਰਾਈਮ ਬ੍ਰਾਂਚ ਹਵਾਲੇ

ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਵੱਲੋਂ ਪ੍ਰਾਈਵੇਟ ਹੈਲੀਕਾਪਟਰ ਕੰਪਨੀਆਂ ਰਾਹੀਂ ਸ਼ਰਧਾਲੂਆਂ ਨੂੰ ਪਵਿੱਤਰ ਗੁਫ਼ਾ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਹੈਲੀਕਾਪਟਰ ਸੇਵਾ ਦੀਆਂ ਟਿਕਟਾਂ `ਚ ਕਥਿਤ ਘੁਟਾਲੇ ਨਾਲ ਸਬੰਧਤ ਮਾਮਲੇ ਦੀ ਜਾਂਚ ਹੁਣ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤੀ ਗਈ ਹੈ। ਅਜਿਹੇ ਘੁਟਾਲੇ ਦੀ ਸਿ਼ਕਾਇਤ ਹੈਦਰਾਬਾਦ ਦੇ ਇੱਕ ਸ਼ਰਧਾਲੂ ਨੇ ਕੀਤੀ ਸੀ, ਜਿਸ ਨਾਲ ਇੱਕ ਹੈਲੀਕਾਪਟਰ ਕੰਪਨੀ ਨੇ ਕਥਿਤ ਤੌਰ `ਤੇ ਧੋਖਾਧੜੀ ਕੀਤੀ ਸੀ। ਕਸ਼ਮੀਰ ਪੁਲਿਸ ਨੇ ਹੁਣ ਇਹ ਮਾਮਲਾ ਅਪਰਾਧ ਸ਼ਾਖਾ ਹਵਾਲੇ ਕਰ ਦਿੱਤਾ ਹੈ।


ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ਮੁਨੀਰ ਖ਼ਾਨ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਕਥਿਤ ਘੁਟਾਲੇ ਬਾਰੇ ਇੱਕ ਸਿ਼ਕਾਇਤ ਈ-ਮੇਲ ਰਾਹੀਂ ਮਿਲੀ ਸੀ। ਇਹ ਮਾਮਲਾ ਅੰਤਰਰਾਜੀ ਬਣ ਗਿਆ ਸੀ ਕਿਉਂਕਿ ਸ਼ਰਧਾਲੂ ਨੇ ਹੈਲੀਕਾਪਟਰ ਦੀਆਂ ਟਿਕਟਾਂ ਦਿੱਲੀ ਦੇ ਇੱਕ ਟ੍ਰੈਵਲ ਏਜੰਟ ਰਾਹੀਂ ਬੁੱਕ ਕੀਤੀਆਂ ਸਨ; ਇਸੇ ਲਈ ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤੀ ਗਈ ਹੈ।


‘ਹਿੰਦੁਸਤਾਨ ਟਾਈਮਜ਼` ਵੱਲੋਂ ਜਦੋਂ ਇਸ ਸਾਰੇ ਮਾਮਲੇ ਬਾਰੇ ਕੁਝ ਪੁੱਛਗਿੱਛ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ, ਤਦ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਡਿਪਟੀ ਚੀਫ਼ ਐਗਜ਼ੀਕਿਊਟਿਵ ਆਫ਼ੀਸਰ ਵਰਿੰਦਰ ਸਲਾਥੀਆ ਨੇ ਫ਼ੋਨ ਅਧਵਾਟੇ ਹੀ ਕੱਟ ਦਿੱਤਾ ਤੇ ਇੰਝ ਜਾਪਿਆ, ਜਿਵੇਂ ਪੁੱਛੇ ਗਏ ਸੁਆਲਾਂ ਦੇ ਜੁਆਬ ਦੇਣ ਤੋਂ ਟਾਲ਼ਾ ਵੱਟਿਆ ਜਾ ਰਿਹਾ ਹੋਵੇ।


ਹਰ ਸਾਲ ਅਮਰਨਾਥ ਯਾਤਰਾ ਦੌਰਾਨ ਬੋਰਡ ਵੱਲੋਂ ਸੁਰੱਖਿਆ ਵਧਾਉਣ ਤੇ ਲਾਗਤਾਂ ਘਟਾਉਣ ਲਈ ਨਵੀਂਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਅਮਰਨਾਥ ਦੀ ਪਵਿੱਤਰ ਗੁਫ਼ਾ ਤੱਕ ਜਾਣ ਵਾਲੇ ਹੈਲੀਕਾਪਟਰਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।


ਹੈਦਰਾਬਾਦ ਦੇ ਸਿ਼ਕਾਇਤਕਰਤਾ ਸ਼ਰਧਾਲੂ ਦਾ ਕਹਿਣਾ ਹੈ ਕਿ ਉਸ ਨੇ ਦਿੰਲੀ ਦੇ ਟ੍ਰੈਵਲ ਏਜੰਟ ਰਾਜ ਸ਼ਾਹ ਰਾਹੀਂ ਇੱਕ ਹੈਲੀਕਾਪਟਰ ਕੰਪਨੀ ਦੇ 47 ਟਿਕਟ ਬੁੱਕ ਕੀਤੇ ਸਨ। ਪਰ ਯਾਤਰਾ ਦੇ ਦਿਨ ਉਸ ਸ਼ਰਧਾਲੂ ਨੂੰ 47 ਦੀ ਥਾਂ ਸਿਰਫ਼ 16 ਟਿਕਟਾਂ ਹੀ ਦਿੱਤੀਆਂ ਗਈਆਂ ਅਤੇ ਬਾਅਦ `ਚ ਉਹ ਵੀ ਕੰਪਨੀ ਦੇ ਸਟਾਫ਼ ਮੈਂਬਰ ਅੰਕਿਤ ਨੇ ਵਾਪਸ ਲੈ ਲਈਆਂ ਸਨ।


ਸ਼ਰਧਾਲੂ ਨੇ ਆਪਣੀ ਸਿ਼ਕਾਇਤ ਵਿੱਚ ਦੋਸ਼ ਲਾਇਆ ਹੈ ਕਿ ਕੰਪਨੀ ਨੇ 47 ਟਿਕਟਾਂ ਲਈ 8,500 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 3,99,500 ਰੁਪਏ ਵਸੂਲ ਪਾਏ ਸਨ; ਜਦ ਕਿ ਬਾਲਟਾਲ ਰੂਟ ਰਾਹੀਂ ਇੱਕ ਟਿਕਟ ਦਾ ਅਧਿਕਾਰਤ ਰੇਟ ਸਿਰਫ਼ 3,100 ਰੁਪਏ ਹੈ।


ਸਿ਼ਕਾਇਤਕਰਤਾ ਅਨੁਸਾਰ ਉਸ ਨੂੰ ਹਾਲੇ ਤੱਕ ਸਿਰਫ਼ ਇੱਕ ਲੱਖ ਰੁਪਏ ਹੀ ਮੋੜੇ ਹਨ ਤੇ ਬਾਕੀ ਦੇ 2,99,500 ਰੁਪਇਆਂ ਦਾ ਹਾਲੇ ਤੱਕ ਕੋਈ ਅਤਾ-ਪਤਾ ਨਹੀਂ ਹੈ। ਪਰ ਇਸ ਦੌਰਾਨ ਉਸ ਦੇ ਪਹਿਲਗਾਮ ਤੋਂ ਸ੍ਰੀਨਗਰ ਦੇ ਪਤਾ ਨਹੀਂ ਕਿੰਨੇ ਚੱਕਰ ਲੱਗ ਚੁੱਕੇ ਹਨ।


ਡਾਢੇ ਦੁਖੀ ਹੋਏ ਸਿ਼ਕਾਇਤਕਰਤਾ ਨੇ ਆਪਣੀ ਸਿ਼ਕਾਇਤ ਵਿੱਚ ਕੰਪਨੀ ਦੇ ਕੁਝ ਸਟਾਫ਼ ਮੈਂਬਰਾਂ ਕੁਲਦੀਪ, ਨਮਨ ਤੇ ਪਿੰਕੀ ਸ਼ਰਮਾ ਦੇ ਨਾਂਅ ਵੀ ਲਏ ਹਨ।


ਸਿ਼ਕਾਇਤਕਰਤਾ ਨੇ ਕਈ ਵਾਰ ਕੰਪਨੀ ਦੇ ਮਾਲਕ ਨਾਲ ਫ਼ੋਨ `ਤੇ ਸੰਪਰਕ ਕਰਨ ਦਾ ਜਤਨ ਕੀਤਾ ਪਰ ਕੋਈ ਫ਼ਾਇਦਾ ਨਹੀਂ ਹੋਇਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amarnath Helecopter Ticket scam probe given to crime branch