ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੇ ਕਿਹਾ ਹੈ ਕਿ ਅੰਬਾਲਾ ਸ਼ਹਿਰ ਦਾ ਬੱਸ ਅੱਡਾ ਸੂਬੇ ਦਾ ਪਹਿਲਾ ਅਜਿਹਾ ਬੱਸ ਅੱਡਾ ਹੈ, ਜਿਸ ਦਾ ਨਾਂਅ ਸਾਬਕਾ ਵਿਦੇਸ਼ ਮੰਤਰੀ ਸਵਰਗੀ ਸੁਸ਼ਮਾ ਸਵਰਾਜ ਦੇ ਨਾਂਅ ’ਤੇ ਰੱਖਿਆ ਗਿਆ ਹੈ। ਹੁਣ ਇਹ ‘ਸੁਸ਼ਮਾ ਸਵਰਾਜ ਬੱਸ ਅੱਡਾ’ ਦੇ ਨਾਂਅ ਨਾਲ ਜਾਣਿਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਹਰਿਆਣਾ ’ਚ ਅਗਲੇ 6 ਮਹੀਨਿਆਂ ਦੌਰਾਨ 1,500 ਨਵੀਂਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ; ਜਿਨ੍ਹਾਂ ਵਿੱਚ ਪਿੰਕ ਬੱਸਾਂ ਤੇ ਵੌਲਵੋ ਵੀ ਸ਼ਾਮਲ ਹਨ।
ਮੰਤਰੀ ਨੇ ਅੰਬਾਲਾ ਸ਼ਹਿਰ ਦੇ ਨਵੇਂ ਬੱਸ ਅੱਡੇ ਦਾ ਨਵਾਂ ਨਵਾਂ ਰੱਖਣ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ। ਇਸ ਤੋਂ ਪਹਿਲਾਂ ਇੱਥੇ ਪੁੱਜਣ ’ਤੇ ਪੁਲਿਸ ਦੀ ਇੱਕ ਟੁਕੜੀ ਨੇ ਟ੍ਰਾਂਸਪੋਰਟ ਮੰਤਰੀ ਨੂੰ ਸਲਾਮੀ ਦਿੱਤੀ।
ਮੰਤਰੀ ਨੇ ਦੱਸਿਆ ਕਿ 18 ਕਰੋੜ ਰੁਪਏ ਦੀ ਲਾਗਤ ਨਾਲ ਇਸ ਬੱਸ ਅੱਡੇ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੁਸ਼ਮਾ ਸਵਰਾਜ ਸਿਆਸਤ ਦੀ ਯੂਨੀਵਰਸਿਟੀ ਰਹੇ ਹਨ। ਉਨ੍ਹਾਂ ਦੇਸ਼ ਨੂੰ ਬਹੁਤ ਵੱਡੇ ਆਗੂ ਤੇ ਸੰਸਦ ਮੈਂਬਰ ਦਿੱਤੇ ਹਨ। ਵਿਰੋਧੀ ਧਿਰ ’ਚ ਰਹਿੰਦਿਆਂ ਵੀ ਉਨ੍ਹਾਂ ਦੇਸ਼ ਤੇ ਸੂਬੇ ਲਈ ਇਤਿਹਾਸਕ ਕੰਮ ਕੀਤੇ ਹਨ। ਪੂਰੀ ਦੁਨੀਆ ਤੇ ਦੇਸ਼ ਉਨ੍ਹਾਂ ਵੱਲੋਂ ਕੀਤੇ ਕੰਮਾਂ ਤੋਂ ਭਲੀਭਾਂਤ ਜਾਣੂ ਹਨ।
ਸ੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂਅੱਜ ਉਨ੍ਹਾਂ ਦੇ ਨਾਂਅ ਨਾਲ ਬੱਸ ਅੱਡੇ ਦਾ ਨਾਂਅ ਰੱਖਿਆ ਗਿਆ ਹੈ, ਉਂਝ ਹੀ ਬੱਲਭਗੜ੍ਹ ’ਚ ਵੀ ਕੁੜੀਆਂ ਦੇ ਬਹੁਤ ਵੱਡੇ ਕਾਲਜ ਦਾ ਨਾਂਅ ਵੀ ਸੁਸ਼ਮਾ ਸਵਰਾਜ ਦੇ ਨਾਂਅ ਨਾਲ ਰੱਖਿਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਹਰਿਆਣਾ ’ਚ ਇਸ ਵੇਲੇ ਰੋਡਵੇਜ਼ ਦੀਆਂ 3,600 ਬੱਸਾਂ ਹਨ; ਜਿਨ੍ਹਾਂ ਵਿੱਚੋਂ 3,200 ਸੜਕਾਂ ਉੱਤੇ ਦੌੜ ਰਹੀਆਂ ਹਨ। ਸਮੇਂ ਮੁਤਾਬਕ ਸੂਬੇ ਨੂੰ 4,500 ਬੱਸਾਂ ਦੀ ਜ਼ਰੂਰਤ ਹੈ। ਬੱਸਾਂ ਗ਼ਰੀਬ ਵਰਗ ਦਾ ਜਹਾਜ਼ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਟ੍ਰਾਂਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕੀਤੇ ਜਾ ਰਹੇ ਹਨ।