ਮਮਤਾ ਬੈਨਰਜੀ ਸਰਕਾਰ ਨੇ ਸਨਿੱਚਰਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਫ਼ੌਜ ਭੇਜੀ ਜਾਵੇ। ਪੱਛਮੀ ਬੰਗਾਲ ਦੇ ਗ੍ਰਹਿ ਵਿਭਾਗ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੱਕਰਵਾਤੀ ਅਮਫ਼ਾਨ ਨੇ ਸੂਬੇ 'ਚ ਵੱਡੀ ਤਬਾਹੀ ਮਚਾਈ ਹੈ। ਇੱਥੇ ਰੇਲਵੇ, ਪੋਰਟ, ਬਿਜਲੀ ਤੇ ਟੈਲੀਫ਼ੋਨ ਲਾਈਨਾਂ ਸਮੇਤ ਸਭ ਕੁਝ ਬਰਬਾਦ ਹੋ ਗਿਆ ਹੈ। ਸੂਬਾ ਸਰਕਾਰ ਨੇ ਇਨ੍ਹਾਂ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਲਈ ਫ਼ੌਜ ਤੋਂ ਮਦਦ ਮੰਗੀ ਹੈ।
ਗ੍ਰਹਿ ਵਿਭਾਗ ਨੇ ਇੱਕ ਤੋਂ ਬਾਅਦ ਇੱਕ ਲੜੀਵਾਰ ਟਵੀਟ 'ਚ ਕਿਹਾ ਕਿ ਲੌਕਡਾਊਨ ਦੀਆਂ ਪਾਬੰਦੀਆਂ ਦੇ ਬਾਵਜੂਦ ਸੂਬੇ ਨੇ ਜ਼ਿਆਦਾਤਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚ ਦਿੱਤਾ ਹੈ, ਪਰ ਇਸ 'ਚ ਉਸ ਨੂੰ ਹੋਰ ਮਦਦ ਦੀ ਲੋੜ ਹੈ।
ਇੱਕ ਹੋਰ ਟਵੀਟ 'ਚ ਗ੍ਰਹਿ ਵਿਭਾਗ ਨੇ ਕਿਹਾ, "ਵੱਖ-ਵੱਖ ਵਿਭਾਗਾਂ ਤੇ ਸੰਸਥਾਵਾਂ ਦੀਆਂ 100 ਤੋਂ ਵੱਧ ਟੀਮਾਂ ਡਿੱਗੇ ਦਰੱਖਤਾਂ ਨੂੰ ਹਟਾਉਣ ਲਈ ਕੰਮ ਕਰ ਰਹੀਆਂ ਹਨ, ਜੋ ਸਥਾਨਕ ਖੇਤਰਾਂ 'ਚ ਬਿਜਲੀ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਜ਼ਰੂਰੀ ਹੈ।"