ਇਸ ਵੇਲੇ ਪੰਜਾਬ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਮੀਂਹ ਜਾਰੀ ਹੈ। ਇਸ ਕਾਰਨ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਆਮ ਜਨਤਾ ਨੂੰ ਇਸ ਕਾਰਨ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੇ।
ਇਸ ਵਾਰ ਦੇ ਮੀਂਹ ਤੋਂ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਵੀ ਬਹੁਤ ਪਰੇਸ਼ਾਨ ਹਨ ਕਿਉਂਕਿ ਜੂਹੂ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ‘ਪ੍ਰਤੀਕਸ਼ਾ’ ਨਾਂਅ ਦੇ ਬੰਗਲੇ ਵਿੱਚ ਵੀ ਪਾਣੀ ਘੁਸ ਗਿਆ ਹੈ। ਜਿਸ ਸੜਕ ਕੰਢੇ ਉਨ੍ਹਾਂ ਦਾ ਇਹ ਬੰਗਲਾ ਸਥਿਤ ਹੈ, ਉੱਥੇ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਹੈ।
ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਦੇ ਘਰ ‘ਪ੍ਰਤੀਕਸ਼ਾ’ ਦੇ ਪਾਣੀ ਨਾਲ ਘਿਰੇ ਹੋਣ ਦਾ ਇੱਕ ਵਿਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵਿਡੀਓ ਵਾਇਰਲ ਹੋਣ ਤੋਂ ਬਾਅਦ ਅਮਿਤਾਭ ਬੱਚਨ ਦੇ ਪ੍ਰਸ਼ੰਸਕ ਸੁਆਲ ਪੁੱਛ ਰਹੇ ਹਨ ਕਿ ਘਰ ਵਿੱਚ ਸਭ ਠੀਕ ਹੈ ਕਿ ਨਹੀਂ। ਸਭ ਨੂੰ ਅਮਿਤਾਭ ਬੱਚਨ ਦੇ ਜਵਾਬ ਦੀ ਉਡੀਕ ਹੈ।
ਅਦਾਕਾਰ ਅਰਜੁਨ ਰਾਮਪਾਲ ਨੇ ਵੀ ਇੱਕ ਵਿਡੀਓ ਸ਼ੇਅਰ ਕੀਤਾ ਹੈ; ਜਿਸ ਵਿੱਚ ਮੁੰਬਈ ਦੀਆਂ ਸੜਕਾਂ ’ਤੇ ਗੱਡੀਆਂ ਪਾਣੀ ਵਿੱਚੋਂ ਲੰਘਦੀਆਂ ਵਿਖਾਈ ਦੇ ਰਹੀਆਂ ਹਨ। ਅਰਜੁਨ ਨੇ ਵਿਡੀਓ ਸ਼ੇਅਰ ਕਰਦਿਆਂ ਲਿਖਿਆ – ‘ਸਿਰਫ਼ ਭਾਰਤੀ ਕਾਰਾਂ ਇਸ ਮੌਸਮ ਵਿੱਚ ਖ਼ੁਦ ਨੂੰ ਬਚਾ ਸਕਦੀਆਂ ਹਨ। ਸੁਰੱਖਿਅਤ ਰਹੋ ਤੇ ਭਾਰਤੀਆਂ ਵਾਂਗ ਡ੍ਰਾਈਵ ਕਰੋ।’
ਹੁਣ ਵਰਕ–ਫ਼ਰੰਟ ਦੀ ਗੱਲ ਕਰੀਏ, ਤਾਂ ਅਮਿਤਾਭ ਬੱਚਨ ਅੱਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ਵਿੱਚ ਵਿਖਾਈ ਦੇਣ ਵਾਲੇ ਹਨ। ਇਸ ਫ਼ਿਲਮ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਮੌਨੀ ਰਾਏ, ਡਿੰਪਲ ਕਪਾਡੀਆ ਅਹਿਮ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ।