ਅੰਫਾਨ ਨਾਂਅ ਦਾ ਸੁਪਰ ਸਾਈਕਲੋਨ ਭਾਵ ਚੱਕਰਵਾਤੀ ਤੂਫ਼ਾਨ ਅੱਜ ਪੱਛਮੀ ਬੰਗਾਲ ਦੇ ਸਮੁੰਦਰੀ ਕੰਢੇ ’ਤੇ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ 155 ਤੋਂ 185 ਕਿਲੋਮੀਟਰ (KM) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਬੰਗਾਲ ਦੇ ਤੱਟੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਵੇਗਾ ਤੇ ਸਮੁੰਦਰ ’ਚ ਚਾਰ ਤੋਂ ਪੰਜ ਮੀਟਰ ਉੱਚੀਆਂ ਲਹਿਰਾਂ ਉੱਠਣਗੀਆਂ। ਮੌਸਮ ਵਿਭਾਗ ਅਨੁਸਾਰ ਇਹ ਚੱਕਰਵਾਰ ਉੱਤਰ ਤੇ ਉੱਤਰ–ਪੱਛਮੀ ਦਿਸ਼ਾ ਵਿੱਚ 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਰਿਹਾ ਹੈ। ਅਨੁਮਾਨ ਹੈ ਇਸ ਦੀ ਰਫ਼ਤਾਰ ਹਾਲੇ ਹੋਰ ਵਧੇਗੀ।
ਅੰਫਾਨ ਅੱਜ ਦੁਪਹਿਰ ਤੱਕ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਾਦੀਆ ਦੇ ਕੰਢੇ ਨਾਲ ਟਕਰਾ ਸਕਦਾ ਹੈ। ਉੱਧਰ ਓੜੀਸ਼ਾ ਦੇ ਭਦਰਕ ’ਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਦਿਨ ਵਿੱਚ ਲਗਭਗ 2:30 ਵਜੇ ਦੇ ਨੇੜੇ–ਤੇੜੇ ਚੱਕਰਵਾਤ ਓੜੀਸ਼ਾ ਦੇ ਕੰਢੇ ਨਾਲ ਟਕਰਾਏਗਾ।
ਬਾਲਾਸੋਰ ਦੇ ਚਾਂਦੀਪੁਰ ’ਚ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਹਨ। ਕੰਟੇ ਉੱਤੇ ਹਲਚਲ ਦਿਸਣ ਲੱਗੀ ਹੈ। ਅੰਫਾਨ ਓੜੀਸ਼ਾ ਸਮੇਤ ਤਟ ਨਾਲ ਲੱਗਦੇ 8 ਰਾਜਾਂ ਵਿੱਚ ਤਬਾਹੀ ਮਚਾ ਸਕਦਾ ਹੈ।
#WATCH: Rainfall and strong winds hit Bhadrak in Odisha. #CycloneAmphan is expected to make landfall today. pic.twitter.com/X8xF9aZ6cf
— ANI (@ANI) May 19, 2020
ਇਸ ਦੇ ਮੱਦੇਨਜ਼ਰ ਬੰਗਾਲ, ਓੜੀਸ਼ਾ, ਆਂਧਰਾ ਪ੍ਰਦੇਸ਼, ਕੇਰਲ, ਤਾਮਿਲ ਨਾਡੂ ’ਚ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ। ਓੜੀਸ਼ਾ ਅਤੇ ਪੱਛਮੀ ਬੰਗਾਲ ’ਚ ਐੱਨਡੀਆਰਐੱਫ਼ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਓੜੀਸ਼ਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਤੂਫ਼ਾਨ ਨਾਲ ਇੱਕ ਵੀ ਵਿਅਕਤੀ ਦੀ ਜਾਨ ਨਾ ਜਾਵੇ, ਇਸ ਦਾ ਇੰਤਜ਼ਾਮ ਕੀਤਾ ਗਿਆ ਹੈ।
ਓੜੀਸ਼ਾ ’ਚ 2,000 ਤੋਂ ਵੱਧ ਮਕਾਨ ਤਿਆਰ ਹਨ, ਜਿਨ੍ਹਾਂ ਵਿੱਚ ਲੋੜ ਪੈਣ ’ਤੇ ਤੱਟੀ ਇਲਾਕਿਆਂ ਦੇ ਲੋਕਾਂ ਨੂੰ ਰੱਖਿਆ ਜਾਣਾ ਹੈ। ਇਸ ਤੋਂ ਪਹਿਲਾਂ ਇੱਥੋਂ ਮਛੇਰਿਆਂ ਤੇ ਸਮੁੰਦਰ ਕੰਢੇ ਰਹਿੰਦੇ ਲੋਕਾਂ ਨੂੰ ਉੱਥੋਂ ਹਟਾ ਲਿਆ ਗਿਆ ਹੈ।