ਪਿਛਲੇ ਵਰ੍ਹੇ ਦੀਵਾਲੀ ਨੇੜੇ ਅਮੁਲ ਨੇ ਪਹਿਲੀ ਵਾਰ ਊਠਣੀ ਦੇ ਦੁੱਧ ਤੋਂ ਚਾਕਲੇਟ ਤਿਆਰ ਕਰਨੇ ਸ਼ੁਰੂ ਕੀਤੇ ਸਨ। ਇਨ੍ਹਾਂ ਚਾਕਲੇਟਾਂ ਦਾ ਸੁਆਦ ਜ਼ਰੂਰ ਕੁਝ ਵੱਖਰੀ ਕਿਸਮ ਦਾ ਹੈ ਪਰ ਬਾਜ਼ਾਰ `ਚ ਇਨ੍ਹਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਹ ਬਹੁਤ ਨਰਮ, ਹਲਕੇ ਜਿਹੇ ਖ਼ੁਸ਼ਕ ਜ਼ਰੂਰ ਹੁੰਦੇ ਹਨ ਪਰ ਇਨ੍ਹਾਂ ਦੀ ਆਨਲਾਈਨ ਵਿਕਰੀ ਬਹੁਤ ਜਿ਼ਆਦਾ ਚੱਲ ਪਈ ਹੈ। ਸ਼ਹਿਰੀ ਦੁਕਾਨਾਂ `ਚ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਆਜੜੀਆਂ `ਚ ਰੁਜ਼ਗਾਰ ਦੀ ਇੱਕ ਨਵੀਂ ਆਸ ਜਾਗ ਪਈ ਹੈ।
ਅਮੁਲ ਵੱਲੋਂ ਊਠਣੀਆਂ ਦਾ ਦੁੱਧ ਗੁਜਰਾਤ ਦੇ ਕੁਝ ਬੰਜਰ ਜਿਹੇ ਇਲਾਕੇ ਭੁਜ ਤੋਂ ਮੰਗਵਾਇਆ ਜਾਂਦਾ ਹੈ। ਰਾਬਾਰੀ ਕਬੀਲੇ ਦੇ ਆਜੜੀ ਜਿ਼ਆਦਾਤਰ ਇਹ ਦੁੱਧ ‘ਗੁਜਰਾਤ ਸਹਿਕਾਰੀ ਦੁੱਧ ਮਾਰਕਿਟਿੰਗ ਫ਼ੈਡਰੇਸ਼ਨ` ਨੂੰ ਵੇਚਦੇ ਹਨ। ਇਹ ਸਹਿਕਾਰੀ ਸੰਘ ਭਾਰਤ ਦਾ ਸਭ ਤੋਂ ਵੱਡਾ ਦੁੱਧ-ਪ੍ਰਦਾਤਾ (ਮਿਲਕ-ਪ੍ਰੋਵਾਈਡਰ) ਹੈ ਤੇ ਅਮੁਲ ਨਾਂਅ ਦੀ ਕੰਪਨੀ ਇਸੇ ਪ੍ਰੋਵਾਈਡਰ ਰਾਹੀਂ ਚੱਲਦੀ ਹੈ।
ਰਾਬਾਰੀ ਕਬੀਲੇ ਦੇ ਆਜੜੀ ਉਂਝ ਪਹਿਲਾਂ ਆਪਣੀਆਂ ਊਠਣੀਆਂ ਦਾ ਦੁੱਧ ਵੇਚਣਾ ਚੰਗਾ ਨਹੀਂ ਸਮਝਦੇ ਸਨ ਪਰ ਫਿਰ ਵੀ ਅਮੁਲ ਨੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਦਾ ਇੱਕ ਵੱਡਾ ਮੌਕਾ ਦਿੱਤਾ ਹੈ। ਉਸ ਤੋਂ ਬਾਅਦ ਇਸ ਇਲਾਕੇ `ਚ ਊਠਣੀਆਂ ਦੀ ਕੀਮਤ ਤੇ ਮੰਗ ਬਹੁਤ ਜਿ਼ਆਦਾ ਵਧ ਗਈ ਹੈ।
ਉਪਰੋਕਤ ਦੁੱਧ ਫ਼ੈਡਰੇਸ਼ਨ ਦੇ ਮੁਖੀ ਆਰ.ਐੱਸ. ਸੋਢੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਾਇਲਟ ਵਜੋਂ ਸ਼ੁਰੂ ਕੀਤਾ ਗਿਆ ਸੀ ਪਰ ਇਹ ਬਹੁਤ ਸਫ਼ਲ ਹੋ ਨਿੱਬੜਿਆ ਹੈ। ਉਨ੍ਹਾਂ ਦੱਸਿਆ ਕਿ ਊਠਣੀ ਦਾ ਦੁੱਧ ਕੁਝ ਸਲੂਣਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਊਠਣੀਆਂ ਦੇ ਦੁੱਧ ਦਾ ਪਾਊਡਰ ਬਣਾਇਆ ਗਿਆ ਅਤੇ ਫਿਰ ਚਾਕਲੇਟ ਤਿਆਰ ਕਰਨ ਦੀ ਵਿਧੀ ਨਾਲ ਉਸ ਨੂੰ ਵਪਾਰਕ ਤਰੀਕੇ ਨਾਲ ਸੁਆਦ ਦਿੱਤਾ ਗਿਆ।
ਹੁਣ ਇਹ ਸਹਿਕਾਰੀ ਦੁੱਧ ਫ਼ੈਡਰੇਸ਼ਨ ਆਪਣੇ ਇਸ ਪ੍ਰੋਜੈਕਟ ਦਾ ਵਿਸਥਾਰ ਰਕਨ ਜਾ ਰਹੀ ਹੈ। ਹੁਣ ਊਠਣੀਆਂ ਦੇ ਦੁੱਧ ਨੂੰ ਪੈਕੇਟਾਂ `ਚ ਬੰਦ ਕਰ ਕੇ ਵੇਚਿਆ ਵੀ ਜਾ ਰਿਹਾ ਹੈ। 10,000 ਤੋਂ ਵੱਧ ਊਠਣੀਆਂ ਨੂੰ ਫ਼ੈਡਰੇਸ਼ਨ ਨਾਲ ਜੋੜਿਆ ਜਾ ਚੁੱਕਾ ਹੈ।
ਊਠਣੀਆਂ ਦਾ ਦੁੱਧ ਸਾਲ 2000 ਤੋਂ ਹਰਮਨਪਿਆਰਾ ਹੋਣ ਲੱਗਾ ਸੀ, ਜਦੋਂ ਸੁਪਰੀਮ ਕੋਰਟ ਨੇ ਇਸ ਦੇ ਉਤਪਾਦਨ ਤੇ ਇਸ ਦੀ ਖਪਤ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾਇਆ ਸੀ। ਜਰਮਨੀ ਮੂਲ ਦੇ ਇਲਸੇ ਕੋਹਲਰ ਰੌਲੇਫ਼ਸਨ ਨੇ ਪਹਿਲੀ ਵਾਰ ਊਠਣੀਆਂ ਦੇ ਦੁੱਧ ਤੋਂ ਡੇਅਰੀ ਫ਼ਾਰਮਿੰਗ ਦਾ ਵਿਚਾਰ ਭਾਰਤ `ਚ ਫੈਲਾਇਆ ਸੀ। ਉਹ 20 ਵਰ੍ਹੇ ਭਾਰਤ `ਚ ਰਹੇ ਸਨ।
ਪਹਿਲਾਂ-ਪਹਿਲ ਆਜੜੀ ਊਠਣੀਆਂ ਦਾ ਦੁੱਧ ਵੇਚਣ ਤੋਂ ਗੁਰੇਜ਼ ਕਰਦੇ ਸਨ ਕਿਉਂਕਿ ਅਜਿਹਾ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਪਰ ਹੌਲੀ-ਹੌਲੀ ਜਾਗਰੂਕਤਾ ਫੈਲਣ ਨਾਲ ਇਸ ਦਾ ਕਾਰੋਬਾਰ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਹੀ ਊਠਣੀਆਂ ਦੇ ਦੁੱਧ ਤੋਂ ਪਾਊਡਰ ਤੇ ਆਈਸਕ੍ਰੀਮ ਆਦਿ ਬਣਨ ਲੱਗੇ ਸਨ।