ਜੰਮੂ–ਕਸ਼ਮੀਰ ਦੇ ਅਨੰਤਨਾਗ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਇਸ ਵੇਲੇ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੌਜ, ਸੀਆਰਪੀਐੱਫ਼ ਅਤੇ ਪੁਲਿਸ ਦੇ ਜਵਾਨਾਂ ਨੇ ਸਮੁੱਚੇ ਇਲਾਕੇ ਨੂੰ ਘੇਰ ਲਿਆ ਹੈ।
ਇਹ ਮੁਕਾਬਲਾ ਅਨੰਤਨਾਗ ਦੇ ਬੀਜਬਿਹਾਰਾ ਇਲਾਕੇ ਵਿੱਚ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੂੰ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਹ ਮਿਲੀ ਸੀ; ਜਿਸ ਤੋਂ ਬਾਅਦ ਸੁਰੱਖਿਆ ਬਲ ਤੁਰੰਤ ਸਰਗਰਮ ਹੋ ਗਏ।
ਪਿੱਛੇ ਜਿਹੇ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਵੀ ਸੂਹ ਮਿਲੀ ਸੀ ਕਿ ਭਾਵੇਂ LoC ਉੱਤੇ ਬਹੁਤ ਸੁਰੱਖਿਆ ਚੌਕਸੀ ਹੈ, ਫਿਰ ਵੀ 200 ਤੋਂ 300 ਅੱਤਵਾਦੀ ਇਸ ਵੇਲੇ ਕਸ਼ਮੀਰ ਵਾਦੀ ਵਿੱਚ ਸਰਗਰਮ ਹੋ ਚੁੱਕੇ ਹਨ। ਹੁਣ ਸੁਰੱਖਿਆ ਬਲ ਅਜਿਹੇ ਲੁਕੇ ਹੋਏ ਅੱਤਵਾਦੀਆਂ ਦਾ ਖ਼ਾਤਮਾ ਕਰਨ ਦਾ ਜਤਨ ਕਰ ਰਹੇ ਹਨ।
ਕਸ਼ਮੀਰ ਵਾਦੀ ਬੀਤੀ 5 ਅਗਸਤ ਤੋਂ ਹੀ ਸੁੰਨਸਾਨ ਪਈ ਹੈ ਕਿਉਂਕਿ ਇੱਥੇ ਆਮ ਗਤੀਵਿਧੀਆਂ ਉੱਤੇ ਪੁਰੀ ਤਰ੍ਹਾਂ ਰੋਕ ਲੱਗੀ ਹੋਈ ਹੈ। ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ’ਚ ਰਹਿੰਦੇ ਬਹੁਤ ਸਾਰੇ ਅੱਤਵਾਦੀ ਹੁਣ ਭਾਰਤ ’ਚ ਦਾਖ਼ਲ ਹੋ ਕੇ ਗੜਬੜੀ ਫੈਲਾਉਣਾ ਚਾਹੁੰਦੇ ਹਨ।