ਦੇਸ਼ 'ਚ ਔਰਤਾਂ ਵਿਰੁੱਧ ਅਪਰਾਧ ਲਗਾਤਾਰ ਵੱਧ ਰਹੇ ਹਨ ਪਰ ਅਜਿਹੇ ਕਈ ਮਾਮਲੇ ਅੱਜ ਵੀ ਅਦਾਲਤਾਂ 'ਚ ਲੰਬਿਤ ਪਏ ਹਨ। ਨਾਲ ਹੀ ਹਿੰਸਾ ਦੇ ਅਜਿਹੇ ਮਾਮਲਿਆਂ 'ਚ ਕੋਈ ਕਮੀ ਨਹੀਂ ਆ ਰਹੀ। ਹੁਣ ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਨੇ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਦਿਸ਼ਾ ਬਿਲ 2019 ਪਾਸ ਕਰ ਦਿੱਤਾ ਹੈ।
ਇਸ ਬਿਲ ਦੇ ਤਹਿਤ ਬਲਾਤਕਾਰ ਅਤੇ ਸਮੂਹਕ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਨਾਲ ਹੀ ਮਾਮਲੇ ਦੀ ਸੁਣਵਾਈ 21 ਦਿਨ ਦੇ ਅੰਦਰ ਪੂਰੀ ਕਰ ਲਈ ਜਾਵੇਗੀ। ਇਸ ਬਿਲ ਨੂੰ ਔਰਤਾਂ ਦੀ ਸੁਰੱਖਿਆ ਲਈ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹੈਦਰਾਬਾਦ 'ਚ ਹਾਲ ਹੀ ਵਿੱਚ ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ ਤੋਂ ਬਾਅਦ ਹੱਤਿਆ ਦੇ ਮਾਮਲੇ ਨੇ ਪੂਰੇ ਦੇਸ਼ 'ਚ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਹੈਦਾਰਾਬਾਦ ਦੀ ਇਸ ਪੀੜਤਾ ਨੂੰ ਦਿਸ਼ਾ ਨਾਂ ਦਿੱਤਾ ਗਿਆ ਸੀ ਅਤੇ ਇਸ ਬਿਲ ਦਾ ਨਾਂ ਵੀ ਦਿਸ਼ਾ ਹੀ ਰੱਖਿਆ ਗਿਆ ਹੈ।

ਇਸ ਬਿਲ 'ਚ ਔਰਤਾਂ ਅਤੇ ਬੱਚੀਆਂ ਨਾਲ ਜਿਨਸੀ ਸ਼ੋਸ਼ਣ, ਤੇਜ਼ਾਬ ਹਮਲਾ ਅਤੇ ਛੇੜਛਾੜ ਜਿਹੇ ਅਪਰਾਧਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸੋਮਵਾਰ ਸੂਬੇ ਦੇ ਮੁੱਖ ਮੰਤਰੀ ਵਾਈ.ਐਸ. ਜਗਮੋਹਰ ਰੈੱਡੀ ਨੇ ਕਿਹਾ ਸੀ ਕਿ ਸੂਬਾ ਸਰਾਕਰ ਆਂਧਰਾ ਪ੍ਰਦੇਸ਼ ਅਪਰਾਧਿਕ ਕਾਨੂੰਨ 'ਚ ਸੋਧ ਕਰੇਗੀ ਤਾ ਕਿ ਅਜਿਹੇ ਅਪਰਾਧਾਂ 'ਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ।