ਨਾਗਰਿਕਤਾ (ਸੋਧ )ਕਾਨੂੰਨ ਵਿਰੁੱਧ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਨਾਗਰਿਕਤਾ (ਸੋਧ) ਕਾਨੂੰਨ ਅਤੇ ਐਨਆਰਸੀ ਦੇ ਵਿਰੋਧ 'ਚ ਮਾਕਪਾ ਅਤੇ ਭਾਕਪਾ ਸਮੇਤ ਸਾਰੇ ਖੱਬੇਪੱਖੀ ਅਤੇ ਮੁਸਲਿਮ ਸੰਗਠਨਾਂ ਨੇ ਅੱਜ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਮੁੰਬਈ ਦੇ ਅਗੱਸਤ ਕਰਾਂਤੀ ਮੈਦਾਨ 'ਚ ਪ੍ਰਦਰਸ਼ਨਕਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਕਰਨਾਟਕ ਦੇ ਮੰਗਲੁਰੂ 'ਚ ਹਿੰਸਕ ਪ੍ਰਦਰਸ਼ਨ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਚਲਾਈ ਗੋਲੀ 'ਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਹਿੰਸਕ ਪ੍ਰਦਰਸ਼ਨ ਦੌਰਾਨ ਜ਼ਖਮੀ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ, ਜਦਕਿ ਇਸ ਹਿੰਸਾ 'ਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਚੌਕੀ 'ਤੇ ਹਮਲਾ ਕੀਤਾ। ਮੀਡੀਆ ਦੀਆਂ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਪੁਲਿਸ ਨੇ ਹਾਲੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਮੌਤ ਗੋਲੀਬਾਰੀ ਕਾਰਨ ਹੋਈ ਹੈ ਜਾਂ ਨਹੀਂ। ਮਾਰੇ ਗਏ ਵਿਅਕਤੀ ਦੀ ਪਛਾਣ ਮਹੁੰਮਦ ਵਕੀਲ ਵਜੋਂ ਹੋਈ ਹੈ। ਉਸ ਦੇ ਢਿੱਡ 'ਚ ਗੋਲੀ ਲੱਗੀ ਸੀ। ਲਖਨਊ ਦੇ ਟਰਾਮਾ ਸੈਂਟਰ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹੁਸੈਨਾਬਾਦ 'ਚ ਹੰਗਾਮੇ ਦੌਰਾਨ ਚੱਲੀ ਗੋਲੀ 'ਚ ਉਸ ਦੀ ਮੌਤ ਹੋ ਗਈ। ਉਹ ਸੱਜਾਦ ਬਾਗ ਦਾ ਰਹਿਣ ਵਾਲੀ ਸੀ।

ਸੂਬੇ ਦੇ ਡੀਜੀਪੀ ਓ.ਪੀ. ਸਿੰਘ ਨੇ ਕਿਹਾ, "ਸ਼ਹਿਰ 'ਚ ਹਾਲਾਤ ਕਾਬੂ 'ਚ ਹਨ। ਪ੍ਰਦਰਸ਼ਨਕਾਰੀ ਜਿੱਥੇ ਇਕੱਤਰ ਹੋਏ ਸਨ, ਉੱਥੇ ਕੁੱਝ ਹਿੰਸਕ ਘਟਨਾਵਾਂ ਵਾਪਰੀਆਂ। ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਅਤੇ ਮੀਡੀਆ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਹਟਾਇਆ। ਇਸ ਦੌਰਾਨ ਹੰਝੂ ਗੈਸ ਦੇ ਗੋਲੇ ਛੱਡੇ ਗਏ। ਹਾਲਾਤ ਕਾਬੂ 'ਚ ਹਨ। ਪੁਲਿਸ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਵੇਖੀ ਜਾਵੇਗੀ ਅਤੇ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ।
ਉੱਧਰ ਕਰਨਾਟਕ ਦੇ ਮੰਗਲੁਰੂ 'ਚ ਵੀ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ। ਮੰਗਲੋਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋ ਪ੍ਰਦਰਸ਼ਨਕਾਰੀ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਕਮਿਸ਼ਨਰ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ 'ਤੇ ਹਮਲਾ ਕੀਤਾ ਅਤੇ ਅੱਗ ਲਗਾ ਦਿੱਤੀ। ਅਖੀਰ 'ਚ ਪੁਲਿਸ ਨੂੰ ਕਾਰਵਾਈ ਕਰਨੀ ਪਈ ਅਤੇ ਦੋ ਲੋਕ ਮਾਰੇ ਗਾਏ। ਇਸ ਘਟਨਾ ਤੋਂ ਬਾਅਦ ਮੰਗਲੋਰ 'ਚ ਸ਼ੁੱਕਰਵਾਰ ਨੂੰ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।