ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ਵਿਰੁੱਧ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਜਾਰੀ ਹੈ। ਸ਼ੁਰੂਆਤ ਵਿੱਚ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਹਿੰਸਾ ਹੋਈ ਸੀ। ਇਸ ਹਿੰਸਾ ਦੀਆਂ ਤਾਰਾਂ ਪਾਪੁਲਰ ਫਰੰਟ ਆਫ਼ ਇੰਡੀਆ (ਪੀਐਫਆਈ) ਨਾਲ ਜੁੜੀ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਇਸ ਦੀ ਜਾਂਚ ਕਰ ਰਿਹਾ ਹੈ। ਈਡੀ ਦੇ ਸੂਤਰਾਂ ਅਨੁਸਾਰ ਪੀਐਫਆਈ ਨੇ ਕਰੋੜਾਂ ਰੁਪਏ ਦੇਸ਼ ਦੇ ਕੁਝ ਵਕੀਲਾਂ ਨੂੰ ਦਿੱਤੇ ਸਨ। ਇਨ੍ਹਾਂ 'ਚ ਸੁਪਰੀਮ ਕੋਰਟ ਦੇ ਕਈ ਵਕੀਲ ਵੀ ਸ਼ਾਮਿਲ ਹਨ।
ਪੀਐਫਆਈ ਦੀ ਗਤੀਵਿਧੀਆਂ ਦੀ ਜਾਂਚ ਕਰ ਰਹੀ ਈਡੀ ਨੂੰ ਪੀਐਫਆਈ ਅਤੇ ਉਸ ਨਾਲ ਸਬੰਧਤ ਲਗਭਗ 73 ਬੈਂਕ ਖਾਤਿਆਂ ਦੀ ਜਾਣਕਾਰੀ ਮਿਲੀ ਹੈ। ਈਡੀ ਨੇ ਇਸ ਮਾਮਲੇ 'ਚ ਰੇਹਾਬ ਇੰਡੀਆ ਫਾਉਂਡੇਸ਼ਨ ਦਾ ਵੀ ਜ਼ਿਕਰ ਕੀਤਾ ਹੈ। ਈਡੀ ਦੇ ਸੂਤਰਾਂ ਮੁਤਾਬਿਕ ਲਗਭਗ 134 ਕਰੋੜ ਰੁਪਏ ਦਾ ਫੰਡ ਸੀਏਏ ਦੇ ਵਿਰੁੱਧ ਰੋਸ ਪ੍ਰਦਰਸ਼ਨ ਲਈ ਵਰਤਿਆ ਗਿਆ। ਨਾਲ ਹੀ ਸ਼ਾਹੀਨ ਬਾਗ 'ਚ ਧਰਨਾ-ਪ੍ਰਦਰਸ਼ਨ ਦੇ ਸਮਰਥਨ ਲਈ ਕਈ ਬੈਂਕ ਖਾਤੇ ਵੀ ਖੋਲ੍ਹੇ ਗਏ ਹਨ।
ਈਡੀ ਦੀ ਜਾਂਚ 'ਚ ਇਹ ਖੁਲਾਸਾ ਹੋਇਆ ਹੈ ਕਿ ਪਾਪੁਲਰ ਫਰੰਟ ਆਫ ਇੰਡੀਆ (ਪੀਐਫਆਈ) ਦੇ ਨਾਮ 'ਤੇ 27 ਬੈਂਕ ਖਾਤੇ ਖੋਲ੍ਹੇ ਗਏ। ਜਦਕਿ 9 ਬੈਂਕ ਖਾਤੇ ਰੇਹਾਬ ਇੰਡੀਆ ਫਾਊਂਡੇਸ਼ਨ ਦੇ ਹਨ, ਜੋ ਪੀਐਫਆਈ ਨਾਲ ਜੁੜੀ ਇਕ ਸੰਸਥਾ ਹੈ ਅਤੇ ਇਸੇ ਸੰਸਥਾ ਨੇ 17 ਵੱਖ-ਵੱਖ ਲੋਕਾਂ ਅਤੇ ਸੰਸਥਾ ਦੇ ਨਾਮ 'ਤੇ 37 ਬੈਂਕ ਖਾਤੇ ਖੋਲ੍ਹੇ ਹਨ।
ED Sources: Enforcement Directorate has sent a note to the Home Ministry mentioning there is direct link between anti-CAA protests in Uttar Pradesh and the Popular Front of India. ED has drawn correlation between dates of money deposits in bank accounts&dates of anti-CAA protests
— ANI (@ANI) January 27, 2020
ਜਾਂਚ ਏਜੰਸੀਆਂ ਨੂੰ ਚਕਮਾ ਦੇਣ ਲਈ 73 ਖਾਤਿਆਂ 'ਚ ਲਗਭਗ 120 ਕਰੋੜ ਰੁਪਏ ਜਮਾਂ ਕੀਤੇ ਗਏ, ਪਰ ਖਾਤਿਆਂ 'ਚ ਮਾਮੂਲੀ ਰਕਮ ਛੱਡ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਬਿਲ 4 ਦਸੰਬਰ ਨੂੰ ਸੰਸਦ 'ਚ ਪੇਸ਼ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਪੀਐਫਆਈ ਨਾਲ ਸਬੰਧਤ ਖਾਤਿਆਂ 'ਚ ਕਰੋੜਾਂ ਦੀ ਨਕਦੀ ਕਢਵਾਉਣੀ ਸ਼ੁਰੂ ਹੋ ਗਈ ਸੀ।
ਜਾਂਚ ਏਜੰਸੀ ਦੀ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ ਕਿ 4 ਦਸੰਬਰ 2019 ਤੋਂ 6 ਜਨਵਰੀ 2020 ਤੱਕ 15 ਬੈਂਕ ਖਾਤਿਆਂ 'ਚ 1.40 ਕਰੋੜ ਰੁਪਏ ਜਮਾਂ ਕੀਤੇ ਗਏ ਸਨ, ਜਿਸ 'ਚ 10 ਖਾਤੇ ਪੀਐਫਆਈ ਦੇ ਅਤੇ 5 ਖਾਤੇ ਰੇਹਾਬ ਇੰਡੀਆ ਫਾਉਂਡੇਸ਼ਨ ਦੇ ਸਨ।
ਇਹ ਰਕਮ ਐਨਈਐਫਟੀ ਅਤੇ ਆਈਐਮਪੀਐਸ ਰਾਹੀਂ ਜਮਾਂ ਕੀਤੀ ਗਈ ਸੀ। ਜਮਾਂ ਕਰਨ ਤੋਂ ਬਾਅਦ 2000 ਤੋਂ 5000 ਤਕ ਦੀਆਂ ਰਕਮਾਂ ਵਾਰ-ਵਾਰ ਕੱਢੀਆਂ ਗਈਆਂ ਸਨ। ਜ਼ਿਆਦਾਤਰ ਰਕਮ ਲੈਣ-ਦੇਣ ਧਰਨਾ-ਪ੍ਰਦਰਸ਼ਨ ਦੇ ਦਿਨ ਜਾਂ ਸਮੇਂ ਦੇ ਆਸਪਾਸ ਹੁੰਦਾ ਸੀ। ਜਿਸ ਤਰੀਕੇ ਨਾਲ ਪੈਸਿਆਂ ਦਾ ਲੈਣ-ਦੇਣ ਹੋਇਆ, ਉਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪ੍ਰਦਰਸ਼ਨ ਅਤੇ ਹਿੰਸਾ ਲਈ ਹੀ ਪੈਸਾ ਇਕੱਤਰ ਕੀਤਾ ਗਿਆ ਅਤੇ ਖਰਚ ਕੀਤਾ ਗਿਆ ਸੀ।
ਐਨਆਈਏ ਨੇ ਇਸ ਮਾਮਲੇ 'ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਪੂਰੀ ਜਾਂਚ ਦੌਰਾਨ ਕੁੱਲ 73 ਬੈਂਕ ਖਾਤਿਆਂ ਦਾ ਖੁਲਾਸਾ ਹੋਇਆ ਅਤੇ ਇਸ ਦੇ ਲੈਣ-ਦੇਣ ਦੇ ਵੇਰਵਿਆਂ ਤੋਂ ਪਤਾ ਚੱਲਦਾ ਹੈ ਕਿ ਪੀਐਫਆਈ ਵੱਲੋਂ ਬਹੁਤ ਸਾਰੇ ਭੁਗਤਾਨ ਕੀਤੇ ਗਏ ਹਨ। ਸਬੰਧਤ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।