ਭਾਰਤੀ ਫ਼ੌਜ ਨੇ ਇਜ਼ਰਾਇਲ ’ਚ ਬਣੀ ਟੈਂਕ–ਤੋੜੂ ਮਿਸਾਇਲ (ATGMS) ‘ਸਪਾਈਕ’ ਨੂੰ ਜੰਮੂ–ਕਸ਼ਮੀਰ ’ਚ ਉੱਤਰੀ ਕਮਾਂਡ ਦੇ ਮੈਦਾਨ–ਏ–ਜੰਗ ’ਚ ਕੰਟਰੋਲ ਰੇਖਾ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਰਾਹੀਂ ਪਾਕਿਸਤਾਨ ਨਾਲ ਲੱਗਦੀ ਦੇਸ਼ ਦੀ ਸਰਹੱਦ ਉੱਤੇ ਸੁਰੱਖਿਆ ਵਿਵਸਥਾ ਮਜ਼ਬੂਤ ਹੋਵੇਗੀ।
ਸਪਾਈਕ ATGMS ਨੂੰ ‘ਦਾਗੋ ਅਤੇ ਭੁੱਲ ਜਾਓ’ ਮਿਸਾਇਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਪੋਰਟੇਬਲ ਹੈ ਤੇ ਇੰਨੀ ਤਾਕਤਵਰ ਹੈ ਕਿ ਅੱਖ ਦੇ ਫੋਰ ’ਚ ਟੈਂਕ ਨੂੰ ਤਬਾਹ ਕਰ ਸਕਦੀ ਹੈ ਅਤੇ ਚਾਰ ਕਿਲੋਮੀਟਰ ਦੇ ਘੇਅੇ ਅੰਦਰ ਬੰਕਰ ਵੀ ਨਸ਼ਟ ਕਰ ਸਕਦੀ ਹੈ।
ਫ਼ੌਜ ਦੇ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਇਨ੍ਹਾਂ ਟੈਂਕ–ਰੋਕੂ ਗਾਈਡਡ ਮਿਸਾਇਲਾਂ ਤੇ ਇਸ ਦੇ ਲਾਂਚਰ ਨੂੰ ਉੱਤਰੀ ਮੈਦਾਨ–ਏ–ਜੰਗ ਵਿੱਚ ਕੰਟਰੋਲ ਰੇਖਾ ਦੇ ਨਾਲ 16–17 ਅਕਤੂਬਰ ਨੂੰ ਹੀ ਤਾਇਨਾਤ ਕਰ ਦਿੱਤਾ ਗਿਆ ਸੀ ਤੇ ਹੁਣ ਇਨ੍ਹਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।
ਇਜ਼ਰਾਇਲ ਨੇ ਭਾਰਤੀ ਫ਼ੌਜ ਨੂੰ ਐਮਰਜੈਂਸੀ ਖ਼ਰੀਦ ਸਿਸਟਮ ਅਧੀਨ 280 ਕਰੋੜ ਰੁਪਏ ਦੇ ਸੌਦੇ ’ਚ ਕੁੱਲ 210 ਮਿਸਾਇਲਾਂ ਅਤੇ 12 ਲਾਂਚਰਾਂ ਦੀ ਸਪਲਾਈ ਕੀਤੀ ਸੀ। ਇਹ ਸੌਦਾ ਭਾਰਤੀ ਹਵਾਈ ਫ਼ੌਜ ਦੇ ਬਾਲਾਕੋਟ ਵਿਖੇ ਅੱਤਵਾਦੀ ਕੈਂਪਾਂ ਉੱਤੇ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਫ਼ੌਜ ਵੱਲੋਂ ਸਰਹੱਦ ਉੱਤੇ ਫ਼ੌਜੀਆਂ ਦੀ ਤਾਇਨਾਤੀ ਵਧਾਉਣ ਕਾਰਨ ਕੀਤਾ ਗਿਆ ਸੀ।
‘ਦਾਗ਼ੋ ਅਤੇ ਭੁੱਲ ਜਾਓ’ ATGMS ਦੀ ਮਾਰੂ–ਸਮਰੱਥਾ ਚਾਰ ਕਿਲੋਮੀਟਰ ਤੱਕ ਹੈ ਤੇ ਇਸ ਦੀ ਵਰਤੋਂ ਕੰਟਰੋਲ ਰੇਖਾ ਲਾਗੇ ਬੰਕਰਾਂ, ਸ਼ੈਲਟਰਾਂ, ਘੁਸਪੈਠ ਦੇ ਅੱਡਿਆਂ ਅਤੇ ਅੱਤਵਾਦੀ ਸਿਖਲਾਈ ਕੈਂਪ ਨਸ਼ਟ ਕਰਨ ਲਈ ਕੀਤੀ ਜਾ ਸਕਦੀ ਹੈ।