ਰਾਮ ਮੰਦਿਰ ਦੇ ਨਿਰਮਾਣ 'ਤੇ ਜਾਰੀ ਰਾਜਨੀਤਕ ਸੰਗਰਾਮ ਵਿਚਾਲੇ ਮੁਲਾਇਮ ਸਿੰਘ ਯਾਦਵ ਦੀ ਛੋਟੀ ਬਹੂ ਅਪਰਨਾ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ। ਅਪਰਨਾ ਯਾਦਵ ਨੇ ਕਿਹਾ ਕਿ ਰਾਮ ਮੰਦਰ ਬਣਾਇਆ ਜਾਣਾ ਚਾਹੀਦਾ ਹੈ ਤੇ ਉਹ ਰਾਮ ਮੰਦਰ ਬਣਾਉਣ ਦੇ ਹੱਕ ਵਿੱਚ ਹਨ।
ਅਪਰਨਾ ਯਾਦਵ ਨੇ ਕਿਹਾ ਕਿ ਅਯੁੱਧਿਆ ਭਗਵਾਨ ਰਾਮ ਦਾ ਜਨਮ ਅਸਥਾਨ ਹੈ ਤੇ ਉਥੇ ਰਾਮ ਮੰਦਰ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਜਨਵਰੀ ਵਿੱਚ ਇਸ ਕੇਸ ਦੀ ਸੁਣਵਾਈ ਹੋਵੇਗੀ, ਤਾਂ ਸਾਨੂੰ ਇਸ ਦੀ ਉਡੀਕ ਕਰਨੀ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਕਿ ਰਾਮ ਮੰਦਰ ਛੇਤੀ ਹੀ ਬਣੇ। ਮਸਜਿਦ ਬਾਰੇ ਪੁੱਛੇ ਜਾਣ ਤੇ, ਅਪਰਨਾ ਨੇ ਕਿਹਾ ਕਿ ਉਹ ਰਾਮ ਮੰਦਰ ਬਣਾਉਣ ਦੇ ਹੱਕ ਵਿਚ ਹਨ, ਕਿਉਂਕਿ ਰਾਮਾਇਣ 'ਚ ਵੀ ਰਾਮ ਜਨਮ ਭੂਮੀ ਦਾ ਜ਼ਿਕਰ ਹੈ। ਭਾਜਪਾ ਦੇ ਨਾਲ ਹੋਣ 'ਤੇ, ਅਪਰਨਾ ਨੇ ਕਿਹਾ,' ਮੈਂ ਤਾਂ ਰਾਮ ਦੇ ਨਾਲ ਹਾਂ।''
ਚਾਚਾ ਦੇ ਵੱਖ ਹੋਣ ਨਾਲ ਨੁਕਸਾਨ ਹੋਵੇਗਾ
ਚਾਚਾ ਸ਼ਿਵਪਾਲ ਯਾਦਵ ਦੇ ਵੱਖਰੀ ਪਾਰਟੀ ਬਣਾਉਣ ਦੇ ਸਵਾਲ 'ਤੇ ਯਾਦਵ ਨੇ ਕਿਹਾ ਕਿ 2019 ਦੀਆਂ ਚੋਣਾਂ 'ਤੇ ਅਸਰ ਪਵੇਗਾ ਕਿਉਂਕਿ ਪਰਿਵਾਰਕ ਝਗੜੇ ਕਾਰਨ ਯੂ.ਪੀ. ਵਿਧਾਨ ਸਭਾ ਚੋਣਾਂ ਉੱਤੇ ਵੀ ਅਸਰ ਪਿਆ ਸੀ।ਅਪਰਨਾ ਨੇ ਕਿਹਾ ਕਿ ਚਾਚੇ ਸ਼ਿਵਪਾਲ ਨੇ ਵੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਯੋਗਦਾਨ ਪਾਇਆ ਹੈ।
ਤਿੰਨ ਤਲਾਕ ਬਿੱਲ ਦਾ ਵੀ ਕੀਤਾ ਸਮਰਥਨ
ਮੁਲਾਇਮ ਸਿੰਘ ਯਾਦਵ ਦੀ ਛੋਟੀ ਬਹੂ ਅਪਰਨਾ ਯਾਦਵ ਨੇ ਪਹਿਲਾਂ ਭਾਜਪਾ ਦੇ ਤਿੰਨ ਤਲਾਕ ਕਾਨੂੰਨ ਦੀ ਵੀ ਹਮਾਇਤ ਕੀਤੀ ਸੀ। ਸਮਾਜਵਾਦੀ ਪਾਰਟੀ ਇਸ ਬਿੱਲ ਦਾ ਵਿਰੋਧ ਕਰ ਰਹੀ ਸੀ, ਅਪਰਨਾ ਨੇ ਕਿਹਾ ਸੀ ਕਿ, 'ਇਹ ਇੱਕ ਸਵਾਗਤਯੋਗ ਕਦਮ ਹੈ। ਇਸ ਨਾਲ ਮੁਸਲਿਮ ਔਰਤਾਂ ਨੂੰ ਸ਼ਕਤੀ ਮਿਲੇਗੀ।