ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ `ਚ ਇਕ ਸੈਨਾ ਦੇ ਜਵਾਨ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰਨ ਬਾਅਦ ਖੁਦ ਵੀ ਆਤਮਹੱਤਿਆ ਕਰ ਲਈ। ਘਟਨਾ ਧਰਮਸ਼ਾਲਾ ਛਾਉਣੀ ਦੀ ਦੱਸੀ ਜਾ ਰਹੀ ਹੈ।
ਕਾਂਗੜਾ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਨਾ ਜਵਾਨ 18 ਸਿੱਖ ਰੇਜੀਮੈਂਟ `ਚ ਤੈਨਾਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇਰ ਰਾਤ ਦੀ ਹੈ, ਜਦੋਂ ਦੋਸ਼ੀ ਨੇ ਆਪਣੇ ਸਾਥੀਆਂ `ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਦੇਰ ਰਾਤ ਤਕਰੀਬਨ 2.15 ਵਜੇ ਛਾਉਣੀ ਤੋਂ ਗੋਲੀਆਂ ਦੀ ਆਵਾਜ਼ ਆਈ ਸੀ।
ਜਾਣਕਾਰੀ ਮੁਤਾਬਕ ਸਿਪਾਹੀ ਜਸਵੀਰ ਸਿੰਘ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੀ ਇੰਸਾਸ ਰਾਈਫਲ ਨਾਲ ਹਵਲਦਾਰ ਹਰਦੀਪ ਸਿੰਘ ਅਤੇ ਨਾਇਕ ਹਰਪਾਲ ਸਿੰਘ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ।
ਜਿ਼ਕਰਯੋਗ ਹੈ ਕਿ ਜਸਵੀਰ ਸਿੰਘ ਇਕ ਸਾਲ ਪਹਿਲਾਂ ਹੀ ਸੈਨਾ `ਚ ਸ਼ਾਮਲ ਹੋਇਆ ਸੀ। ਉਥੇ ਹਰਦੀਪ ਸਿੰਘ ਅਤੇ ਹਰਪਾਲ ਸਿੰਘ ਨੇ ਕ੍ਰਮਵਾਰ 23 ਅਤੇ 18 ਸਾਲ ਦੀ ਸੇਵਾ ਪੂਰੀ ਕੀਤੀ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਅਜਿਹੀਆਂ ਸਥਿਤੀਆਂ ਕੀ ਬਣੀਆਂ ਕਿ ਜਸਵੀਰ ਸਿੰਘ ਨੇ ਇਨ੍ਹਾਂ ਵੱਡਾ ਕਦਮ ਚੁੱਕਿਆ। ਮਿਲਟਰੀ ਇੰਟੇਲੀਜੈਂਸ ਤੇ ਕਾਂਗੜਾ ਪੁਲਿਸ ਦੇ ਅਧਿਕਾਰੀ ਮੌਕੇ `ਤੇ ਮੁਆਇਨਾ ਕਰ ਰਹੇ ਹਨ। ਕਾਂਗੜਾ ਪੁਲਿਸ ਨੇ ਸੈਨਿਕਾਂ ਦਾ ਮ੍ਰਿਤਕ ਸ਼ਰੀਰ ਕਬਜ਼ੇ `ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।