ਕੋਰੋਨਾ ਵਿਰੁੱਧ ਜੰਗ ਲਈ ਭਾਰਤੀ ਫ਼ੌਜ ਨੇ ਵੀ ਕਮਰ ਕੱਸ ਲਈ ਹੈ। ਫ਼ੌਜ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਹਸਪਤਾਲਾਂ ’ਚ ਸ਼ੱਕੀ ਮਰੀਜ਼ਾਂ ਦੀ ਜਾਂਚ ਤੇ ਇਲਾਜ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਸ਼ੱਕੀ ਰੋਗੀਆਂ ਲਈ 1,500 ਬਿਸਤਰਿਆਂ ਦਾ ਵੀ ਇੰਤਜ਼ਾਮ ਕਰੇਗੀ।
ਫ਼ੌਜ ਨੇ ਹਾਲੇ ਮਾਨੇਸਰ ’ਚ 300 ਵਿਅਕਤੀਆਂ ਲਈ ਨਿਗਰਾਨੀ–ਸੁਵਿਧਾ ਵਿਕਸਤ ਕੀਤੀ ਹੈ। ਹੁਣ ਜੈਸਲਮੇਰ, ਸੂਰਤਗੜ੍ਹ, ਸਿਕੰਦਰਾਬਾਦ, ਚੇਨਈ ਅਤੇ ਕੋਲਕਾਤਾ ’ਚ ਵੀ ਅਜਿਹੇ ਨਿਗਰਾਨੀ ਕੇਂਦਰ ਤਿਆਰ ਕੀਤੇ ਜਾਣਗੇ। ਇਨ੍ਹਾਂ ਕੇਂਦਰਾਂ ’ਚ 1,500 ਰੋਗੀਆਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾ ਸਕੇਗਾ।
ਫ਼ੌਜੀ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੀ ਸਥਾਪਨਾ ਲਈ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਫ਼ੌਜ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ। ਪ੍ਰਸ਼ਾਸਨ ਲੋੜ ਪੈਣ ’ਤੇ ਸ਼ੱਕੀ ਰੋਗੀਆਂ ਨੂੰ ਇਨ੍ਹਾਂ ਕੇਂਦਰਾਂ ’ਚ ਭੇਜੇਗਾ। ਫ਼ੌਜ ਵੱਲੋਂ ਸਾਰੇ ਫ਼ੌਜੀ ਕੇਂਦਰਾਂ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਉਸ ਐਡਵਾਇਜ਼ਰੀ ’ਚ ਕਿਹਾ ਗਿਆ ਹੈ ਕਿ ਉਹ ਕੋਰੋਨਾ ਦੇ ਖ਼ਤਰੇ ਨੂੰ ਧਿਆਨ ’ਚ ਰੱਖਦਿਆਂ ਤਿਉਹਾਰ ਤੇ ਹੋਰ ਕਾਰਨਾਂ ਕਰਕੇ ਹੋਣ ਵਾਲੀ ਬੇਲੋੜੀ ਭੀੜ ਨੂੰ ਰੋਕਣ।
ਫ਼ੌਜ ਨੂੰ ਵੀ ਕਿਹਾ ਗਿਆ ਹੈ ਕਿ ਉਹ ਖ਼ਰੀਦਦਾਰੀ ਤੇ ਹੋਰ ਕਾਰਨਾਂ ਕਰਕੇ ਮਾੱਲ ਤੇ ਹੋਰ ਥਾਵਾਂ ਉੱਤੇ ਜਾਣ ਤੋਂ ਪਰਹੇਜ਼ ਕਰਨ। ਕੇਂਦਰ ’ਚ ਮੌਜੂਦ ਸੇਵਾਵਾਂ ਦੀ ਵਰਤੋਂ ਕਰਨ। ਸਾਰੇ ਕੇਂਦਰਾਂ ਨੂੰ ਕਿਹਾ ਗਿਆ ਹੈ ਕਿ ਉਹ ਕੋਰੋਨਾ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕਰਨ।
ਫ਼ੌਜ ਨੇ ਦੇਸ਼ ਭਰ ’ਚ ਸਥਿਤ ਆਪਣੇ ਸਾਰੇ ਹਸਪਤਾਲਾਂ ਨੂੰ ਕੋਰੋਨਾ ਮਰੀਜ਼ਾਂ ਲਈ ਵੱਖਰੇ ਵਾਰਡ ਬਣਾਉਣ, ਅਲੱਗ ਓਪੀਡੀ ਸਥਾਪਤ ਕਰਨ ਤੇ ਸ਼ੱਕੀ ਮਰੀਜ਼ਾਂ ਦੀ ਜਾਂਚ ਦਾ ਇੰਤਜ਼ਾਮ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ।